ਮੁੰਬਈ 'ਚ ਦੋ ਲੋਕ ਕੋਰੋਨਾ ਵਾਇਰਸ ਤੋਂ ਪਾਜੀਟਿਵ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਮੁੰਬਈ 'ਚ ਕੋਰੋਨਾ ਵਾਇਰਸ ਦੇ ਇਹ ਪਹਿਲੇ ਮਾਮਲੇ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ ਕੁਲ 7 ਮਾਮਲੇ ਸਾਹਮਣੇ ਆ ਚੁੱਕੇ ਹਨ।
ਇਨ੍ਹਾਂ ਦੋਵਾਂ ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 62 ਹੋ ਗਈ ਹੈ। ਦੂਜੇ ਪਾਸੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਕੋਰੋਨਾ ਵਾਇਰਸ ਟੈਸਟ 'ਚ ਜਿਹੜੇ ਲੋਕ ਪਾਜੀਟਿਵ ਪਾਏ ਗਏ ਹਨ, ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਯਾਤਰੀਆਂ 'ਤੇ ਨਿਗਰਾਨੀ ਵਧਾਉਣ ਲਈ ਹਵਾਈ ਅੱਡਿਆਂ ਅਤੇ ਬੰਦਰਗਾਹਾਂ 'ਤੇ ਅਲਰਟ ਜਾਰੀ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ, ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ। ਠਾਕਰੇ ਨੇ ਕਿਹਾ ਕਿ ਗ੍ਰਾਮ ਸਭਾਵਾਂ ਨੂੰ ਇਸ ਕੋਰੋਨਾ ਵਾਇਰਸ ਬਾਰੇ ਪਿੰਡਾਂ 'ਚ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਹਦਾਇਤ ਦਿੱਤੀ ਕਿ ਜੇ ਜ਼ਰੂਰਤ ਪਈ ਤਾਂ ਪੁਣੇ ਨੇੜੇ ਪਿੰਪਰੀ ਚਿੰਚਵਾੜ ਵਿਖੇ ਹਸਪਤਾਲ 'ਚ ਇੱਕ ਵੱਖਰੇ ਕੇਂਦਰ ਦਾ ਪ੍ਰਬੰਧ ਕੀਤਾ ਜਾਵੇਗਾ। ਮੌਜੂਦਾ ਸਮੇਂ 'ਚ ਸਿਰਫ਼ ਪੁਣੇ ਵਿੱਚ ਨਾਇਡੂ ਹਸਪਤਾਲ 'ਚ ਇੱਕ ਇਹ ਸਹੂਲਤ ਉਪਬੱਬਧ ਹੈ।
ਇਸ ਤੋਂ ਪਹਿਲਾਂ ਦਿੱਲੀ ਅਤੇ ਰਾਜਸਥਾਨ 'ਚ ਕੋਰੋਨਾ ਵਾਇਰਸ ਦੇ ਇੱਕ-ਇੱਕ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੁੱਧਵਾਰ ਸਵੇਰੇ ਮਰੀਜ਼ਾਂ ਦੀ ਗਿਣਤੀ ਵੱਧ ਕੇ 60 ਹੋ ਗਈ ਸੀ। ਦੱਸ ਦੇਈਏ ਕਿ ਦੁਨੀਆਂ ਭਰ 'ਚ ਹੁਣ ਤਕ ਕੋਰੋਨਾ ਦੇ ਕੁਲ 1,22,025 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 4391 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ 'ਚ ਬੁੱਧਵਾਰ ਨੂੰ 22 ਲੋਕਾਂ ਦੀ ਮੌਤ ਤੋਂ ਬਾਅਦ ਉੱਥੇ ਮ੍ਰਿਤਕਾਂ ਦਾ ਕੁਲ ਅੰਕੜਾ 3158 ਤਕ ਪਹੁੰਚ ਗਿਆ ਹੈ। ਇਟਲੀ 'ਚ 631, ਇਰਾਨ 'ਚ 354, ਦੱਖਣ ਕੋਰੀਆ 'ਚ 66, ਸਪੇਨ 'ਚ 49, ਫਰਾਂਸ 'ਚ 33, ਅਮਰੀਕਾ 'ਚ 31, ਜਾਪਾਨ 'ਚ 12 ਅਤੇ ਜਰਮਨੀ 'ਚ ਹੁਣ ਤਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।