ਭਾਰਤ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ ਹੁਣ 107 ਹੋ ਗਈ ਹੈ। ਇਹ ਗਿਣਤੀ ਪਿਛਲੇ ਕੁਝ ਦਿਨਾਂ ’ਚ ਕਾਫ਼ੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਤੇ ਦੇਸ਼ ’ਚ ਹੁਣ ਤੱਕ ਇਸ ਵਾਇਰਸ ਕਾਰਨ ਦੋ ਮੌਤਾਂ ਹੋ ਚੁੱਕੀਆਂ ਹਨ। ਪੂਰੀ ਦੁਨੀਆ ’ਚ ਇਸ ਵੇਲੇ 1 ਲੱਖ 56 ਹਜ਼ਾਰ ਤੋਂ ਵੀ ਵੱਧ ਵਿਅਕਤੀ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ ਤੇ 5,000 ਤੋਂ ਵੱਧ ਵਿਅਕਤੀ ਇਸ ਕਾਰਨ ਮਾਰੇ ਜਾ ਚੁੱਕੇ ਹਨ। ਸਭ ਤੋਂ ਵੱਧ ਮੌਤਾਂ ਚੀਨ ’ਚ ਹੋਈਆਂ ਹਨ।
ਪੰਜਾਬ ’ਚ ਹਾਲੇ ਤੱਕ ਇੱਕੋ ਮਰੀਜ਼ ਦੀ ਸ਼ਨਾਖ਼ਤ ਹੋਈ ਹੈ। ਉਹ ਵਿਅਕਤੀ ਇਟਲੀ ਤੋਂ ਵਤਨ ਪਰਤਿਆ ਸੀ। ਇਸ ਵੇਲੇ ਉਹ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਕੇਂਦਰੀ ਸਿਹਤ ਮੰਤਰਾਲੇ ਦੀ ਵੈੱਬਸਾਈਟ ਉੱਤੇ ਸਨਿੱਚਰਵਾਰ ਸ਼ਾਮੀਂ 4:55 ਵਜੇ ਤੱਕ ਦੇ ਹੀ ਅੰਕੜੇ ਮੌਜੂਦ ਹਨ; ਤਦ ਭਾਰਤ ’ਚ ਕੋਰੋਨਾ ਵਾਇਰਸ ਦੀ ਲਾਗ ਤੋਂ 84 ਵਿਅਕਤੀ ਪੀੜਤ ਸਨ।
ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੀ ਲਾਗ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਜ਼ ਸਮੇਤ ਹੋਰ ਵਿਦਿਅਕ ਅਦਾਰੇ, ਸਿਨੇਮਾ ਘਰ, ਜਿੰਮ – ਜਿੱਥੇ ਵੀ ਕਿਤੇ ਲੋਕਾਂ ਦਾ ਇਕੱਠ ਹੁੰਦਾ ਹੈ, ਉਹ ਸਭ ਬੰਦ ਕਰਵਾ ਦਿੱਤੇ ਹਨ।
ਭਾਰਤ ਨੇ ਕੋਰੋਨਾ ਵਾਇਰਸ ਨੂੰ ਐਮਰਜੈਂਸੀ ਐਲਾਨ ਦਿੱਤਾ ਹੈ। ਸਰਕਾਰ ਨੇ ਰਾਜਾਂ ਨੂੰ ਹਦਾਇਤਾਂ ਕੀਤੀਆਂ ਹਲ ਕਿ ਆਫ਼ਤ ਕੋਸ਼ ਅਧੀਨ ਕੋਵਿਡ–19 ਦੀ ਰੋਕਥਾਮ ਲਈ ਸਮੱਗਰੀਆਂ ਦੀ ਸੂਚੀ ਤੇ ਸਹਿਯੋਗ ਦੇ ਮਾਪਦੰਡ ਤਿਆਰ ਕੀਤੇ ਜਾਣ। ਕਰਨਾਟਕ ਦੇ 76 ਸਾਲਾ ਤੇ ਦਿੱਲੀ ਦੀ 68 ਸਾਲਾ ਇੱਕ ਔਰਤ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਉੱਧਰ ਵਿਸ਼ਵ ਸਿਹਤ ਸੰਗਠਨ (WHO) ਵੀ ਇਸ ਬੀਮਾਰੀ ਨੂੰ ਕੌਮੀ ਆਫ਼ਤ ਐਲਾਨ ਚੁੱਕਾ ਹੈ।