ਦੁਨੀਆ ਭਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 15 ਲੱਖ ਨੂੰ ਪਾਰ ਕਰ ਗਈ ਹੈ। ਪਰ ਨਵੇਂ ਅਧਿਐਨ ਦਰਸਾਉਂਦੇ ਹਨ ਕਿ ਹੁਣ ਤੱਕ ਸਿਰਫ਼ 6 ਫ਼ੀਸਦੀ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ ਅਤੇ 94 ਫ਼ੀਸਦੀ ਮੈਡੀਕਲ ਪ੍ਰਣਾਲੀ ਤੋਂ ਦੂਰ ਹਨ। ਖੋਜ ਦੇ ਨਤੀਜੇ ਭਾਰਤ ਦੇ ਸਬੰਧ ਵਿੱਚ ਹੋਰ ਵੀ ਚਿੰਤਾਜਨਕ ਹਨ, ਕਿਉਂਕਿ ਦੇਸ਼ ਵਿੱਚ ਹੁਣ ਤਕ ਸਿਰਫ਼ 1.68 ਫ਼ੀਸਦੀ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ।
ਇਹ ਅਧਿਐਨ ਜਰਮਨੀ 'ਚ ਗੋਇਤੇਜ਼ੇਨ ਯੂਨੀਵਰਸਿਟੀ ਡਿਵੈਲਪਮੈਂਟ ਇਕੋਨਾਮਿਕਸ ਨੇ ਕੀਤਾ ਹੈ। ਇਸ ਨੂੰ ਲਾਂਸੇਟ ਇਨਫੈਕਸਿਅਸ ਡਿਸੀਜ਼ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ। ਇਸ 'ਚ ਕੋਰੋਨਾ ਨਾਲ ਪ੍ਰਭਾਵਿਤ 40 ਦੇਸ਼ਾਂ ਵਿੱਚ ਮਰੀਜ਼ਾਂ ਦੇ ਅੰਕੜਿਆਂ ਦੇ ਅਧਾਰ 'ਤੇ 31 ਮਾਰਚ ਤੱਕ ਦੁਨੀਆ ਦੇ ਸੰਭਾਵਿਤ ਮਰੀਜ਼ਾਂ ਦਾ ਵੇਰਵਾ ਲਿਆ ਗਿਆ ਹੈ। ਅਧਿਐਨ 'ਚ ਖੁਲਾਸਾ ਹੋਇਆ ਹੈ ਕਿ ਇਕਲੌਤਾ ਦੇਸ਼ ਦੱਖਣੀ ਕੋਰੀਆ ਹੈ, ਜੋ 49.47 ਫ਼ੀਸਦੀ ਮਰੀਜ਼ਾਂ ਦੀ ਪਛਾਣ ਕਰਨ 'ਚ ਸਫ਼ਲ ਰਿਹਾ ਹੈ। ਇਸੇ ਕਰਕੇ ਉਸ ਨੇ ਬਿਮਾਰੀ 'ਤੇ ਕਾਬੂ ਪਾਇਆ।
ਖੋਜ ਦੇ ਅਨੁਸਾਰ 31 ਮਾਰਚ ਨੂੰ ਭਾਰਤ 'ਚ ਮਰੀਜ਼ਾਂ ਦੀ ਕੁੱਲ ਗਿਣਤੀ 1397 ਸੀ। ਹਾਲਾਂਕਿ ਇਸ ਸਮੇਂ ਤਕ ਦੇਸ਼ 'ਚ ਮਰੀਜ਼ਾਂ ਦੀ ਅੰਦਾਜ਼ਨ ਗਿਣਤੀ 83,250 ਤੱਕ ਪਹੁੰਚ ਗਈ ਸੀ। ਟੈਸਟਿੰਗ ਦੀ ਰਫ਼ਤਾਰ ਹੌਲੀ ਹੋਣ ਕਾਰਨ ਹੁਣ ਤਕ ਸਿਰਫ਼ 1.68 ਫ਼ੀਸਦੀ ਮਰੀਜ਼ਾਂ ਦੀ ਪਛਾਣ ਕੀਤੀ ਜਾ ਸਕੀ ਹੈ। ਜਦਕਿ ਦੱਖਣੀ ਕੋਰੀਆ ਇਸ ਦੌਰਾਨ ਸਭ ਤੋਂ ਵੱਧ 49.47 ਫ਼ੀਸਦੀ ਮਰੀਜ਼ਾਂ ਦੀ ਪਛਾਣ ਕਰਨ 'ਚ ਸਫ਼ਲ ਰਿਹਾ ਹੈ।
ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ 31 ਮਾਰਚ ਤੱਕ ਵਿਸ਼ਵ 'ਚ ਅੰਦਾਜ਼ਨ ਪੀੜਤ ਲੋਕਾਂ ਦੀ ਗਿਣਤੀ ਕਰੋੜ ਤਕ ਪਹੁੰਚ ਗਈ ਸੀ। ਜਦਕਿ ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਅਸਲ ਮਰੀਜ਼ 10 ਲੱਖ ਸਨ। ਦੱਖਣੀ ਕੋਰੀਆ ਤੋਂ ਬਾਅਦ ਮਰੀਜ਼ਾਂ ਦੀ ਬਿਹਤਰ ਪਛਾਣ ਨਾਰਵੇ 'ਚ 37.76 ਫ਼ੀਸਦੀ ਅਤੇ ਜਰਮਨੀ 'ਚ 15.58 ਫ਼ੀਸਦੀ ਸੀ। ਇਸ ਕਾਰਨ ਇਨ੍ਹਾਂ ਦੇਸ਼ਾਂ 'ਚ ਮੌਤ ਦਰ ਘੱਟ ਰਹੀ ਹੈ।
ਇਸ ਦੇ ਉਲਟ ਇਟਲੀ 'ਚ ਮੌਤ ਦੀ ਦਰ ਬਹੁਤ ਜ਼ਿਆਦਾ ਹੈ, ਪਰ ਸਰਕਾਰ ਵੱਲੋਂ ਸਿਰਫ਼ 3.5% ਮਰੀਜ਼ਾਂ ਦਾ ਪਤਾ ਲਗਾਇਆ ਗਿਆ ਸੀ। ਜਦਕਿ ਸਪੇਨ 'ਚ ਸਿਰਫ਼ 1.7 ਫ਼ੀਸਦੀ, ਅਮਰੀਕਾ 'ਚ 1.6 ਫ਼ੀਸਦੀ, ਫ਼ਰਾਂਸ 'ਚ 2.62 ਫ਼ੀਸਦੀ, ਇਰਾਨ 'ਚ 2.40 ਫ਼ੀਸਦੀ ਅਤੇ ਯੂਕੇ 'ਚ 1.2 ਫ਼ੀਸਦੀ ਮਰੀਜ਼ਾਂ ਦੀ ਪਛਾਣ ਹੋ ਸਕੀ ਹੈ। ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਜੇ ਇਨ੍ਹਾਂ ਦੇਸ਼ਾਂ 'ਚ ਸਮੇਂ ਸਿਰ ਮਰੀਜ਼ਾਂ ਦੀ ਪਛਾਣ ਹੋ ਜਾਂਦੀ ਤਾਂ ਮੌਤ ਦੀ ਦਰ ਘੱਟ ਹੁੰਦੀ।