ਲੋਕ ਸਭਾ ਚੋਣਾਂ ਵਿਚ ਅਨੁਮਾਨਤ ਪ੍ਰਦਰਸ਼ਨ ਨਾ ਹੋਣ ਬਾਅਦ ਰਾਸ਼ਟਰੀ ਕਾਂਗਰਸ ਪਾਰਟੀ (ਰਾਕਾਂਪਾ), ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਰਾਸ਼ਟਰੀ ਪਾਰਟੀ ਦਾ ਆਪਣਾ ਦਰਜਾ ਗੁਆ ਸਕਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਆਉਂਦੇ ਦਿਨਾਂ ਵਿਚ ਇਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਵਿਚ ਪੁੱਛਿਆ ਜਾਵੇਗਾ ਕਿ ਕਿਉਂ ਨਾ ਤੁਹਾਡਾ ਰਾਸ਼ਟਰੀ ਪਾਰਟੀ ਦਾ ਦਰਜਾ ਖਤਮ ਕੀਤਾ ਜਾਵੇ।
ਸੀਪੀਆਈ, ਬਸਪਾ ਅਤੇ ਰਾਕਾਂਪਾ 2014 ਦੀਆਂ ਲੋਕ ਸਭਾ ਚੋਣਾਂ ਵਿਚ ਖਰਾਬ ਪ੍ਰਦਰਸ਼ਨ ਦੇ ਬਾਅਦ ਵੀ ਰਾਸ਼ਟਰੀ ਪਾਰਟੀ ਦਰਜਾ ਗੁਆਉਣ ਦਾ ਸਾਹਮਣਾ ਕਰ ਰਹੀ ਸੀ। ਹਾਲਾਂਕਿ, ਉਨ੍ਹਾਂ 2016 ਵਿਚ ਉਦੋਂ ਰਾਹਤ ਮਿਲ ਗਈ ਜਦੋਂ ਚੋਣ ਕਮਿਸ਼ਨ ਨੇ ਆਪਣੇ ਨਿਯਮਾਂ ਵਿਚ ਸੋਧ ਕਰਦੇ ਹੋਏ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਰਾਸ਼ਟਰੀ ਅਤੇ ਸੂਬਾ ਪੱਧਰ ਦੇ ਦਰਜੇ ਦੀ ਸਮੀਖਿਆ ਪੰਜ ਸਾਲ ਦੀ ਥਾਂ ਹਰ 10 ਸਾਲ ਦੇ ਬਾਅਦ ਕੀਤੀ ਜਾਵੇਗੀ।
ਬਸਪਾ ਕੋਲ ਵਰਤਮਾਨ ਵਿਚ 10 ਲੋਕ ਸਭਾ ਸੀਟਾਂ ਅਤੇ ਕੁਝ ਵਿਧਾਨ ਸਭਾ ਸੀਟਾਂ ਹਨ, ਇਸ ਲਈ ਹੁਣ ਉਸਦੇ ਸਾਹਮਣੇ ਰਾਸ਼ਟਰੀ ਪਾਰਟੀ ਦੇ ਦਰਜੇ ਨੂੰ ਲੈ ਕੇ ਕੋਈ ਖਤਰਾ ਨਹੀਂ।