ਕੇਰਲਾ `ਚ ਹੜ੍ਹ ਦਾ ਪਾਣੀ ਘੱਟਣ ਤੋਂ ਬਾਅਦ ਪੀੜਤ ਲੋਕ ਰਾਹਤ ਕੈਂਪਾਂ `ਚੋਂ ਆਪਣੇ ਘਰ ਦੇਖਣ ਜਾ ਰਹੇ ਹਨ। ਪ੍ਰੰਤੂ ਹੁਣ ਉਨ੍ਹਾਂ ਨੂੰ ਆਪਣੇ ਘਰ ਦੇ ਅੰਦਰ ਰਹਿ ਰਹੇ ਸੱਪ ਅਤੇ ਹੋਰ ਰੀਂਗਣ ਵਾਲੇ ਜੀਵ ਜੰਤੂ ਦਿਖਾਈ ਦੇ ਰਹੇ ਹਨ। ਤ੍ਰਿਸ਼ੂਰ ਜਿ਼ਲ੍ਹੇ ਦੇ ਚਲਾਕੁੜੀ `ਚ ਸੋਮਵਾਰ ਦੀ ਰਾਤ ਨੂੰ ਇਕ ਵਿਅਕਤੀ ਜਦੋਂ ਆਪਣਾ ਘਰ ਦੇਖਣ ਲਈ ਆਇਆ ਤਾਂ ਉਹ ਉਸ ਸਮੇਂ ਹੈਰਾਨ ਰਹਿ ਗਿਆ ਕਿ ਜਦੋਂ ਘਰ `ਚ ਮਗਰਮੱਛ ਨੂੰ ਦੇਖਿਆ।
ਉਸਦੇ ਬਾਅਦ ਤੁਰੰਤ ਆਪਣੇ ਗੁਆਢੀਆਂ ਦੀ ਮਦਦ ਨਾਲ ਉਸਨੇ ਰੱਸੀ ਨਾਲ ਮਗਰਮੱਛ ਨੂੰ ਬੰਨ੍ਹ ਦਿੱਤਾ। ਤ੍ਰਿਸ਼ੂਰ ਸਭ ਤੋਂ ਜਿ਼ਆਦਾ ਹੜ੍ਹ ਪ੍ਰਭਾਵਿਤ ਜਿ਼ਲ੍ਹਿਆਂ `ਚੋਂ ਇਕ ਹੈ। ਇਸ ਤੋਂ ਇਲਾਵਾ ਜੋ ਹੋਰ ਜਿ਼ਲ੍ਹੇ ਸਭ ਤੋਂ ਜਿ਼ਆਦਾ ਹੜ੍ਹ ਤੋਂ ਪ੍ਰਭਾਵਿਤ ਹਨ ਉਹ ਹਨ : ਅਲਾਪੁਝਾ, ਪਠਾਨਮਾਥੀਟਾ, ਕੋਜੀਕੋਡ, ਏਰਨਾਕੁਲਮ, ਮਲਪੁਰਮ ਆਦਿ ਹਨ।
ਇਸ ਅਫਤ ਦੇ ਚਲਦੇ ਹੁਣ ਤੱਕ ਕਰੀਬ 400 ਲੋਕਾਂ ਦੀ ਜਾਨ ਚਲੀ ਗਈ ਹੈ, ਜਦੋਂ ਕਿ ਲੱਖਾਂ ਲੋਕ ਬੇਘਰ ਹੋ ਗਏ। ਇਸ ਦੇ ਨਾਲ ਹੀ ਪ੍ਰਾਈਵੇਟ ਅਤੇ ਸਰਕਾਰੀ ਸੰਪਤੀ ਦੀ ਬਰਬਾਦ ਹੋਈ ਹੈ। ਸੱਪ ਨੂੰ ਫੜ੍ਹਣ ਵਾਲੇ ਮੁਸਤਫਾ ਇਸ ਸਮੇਂ ਕਾਫੀ ਜਿ਼ਆਦਾ ਕੰਮ `ਚ ਰੁਝ ਗਏ ਹਨ। ਪਿਛਲੇ ਦੋ ਦਿਨ ਤੋਂ ਪਾਣੀ ਘੱਟ ਹੋਣਾ ਸ਼ੁਰੂ ਹੋਇਆ ਹੈ ਉਸ ਨੇ ਹੁਣ ਤੱਕ ਲੋਕਾਂ ਦੇ ਘਰਾਂ ਤੋਂ ਕਰੀਬ 100 ਤੋਂ ਜਿ਼ਆਦਾ ਸੱਪ ਫੜ੍ਹੇ ਹਨ।
ਮੁਸਤਫਾ ਨੇ ਦੱਸਿਆ ਕਿ ਇਹ ਆਮ ਗੱਲ ਹੈ ਕਿ ਜਦੋਂ ਵੀ ਹੜ੍ਹ ਆਉਂਦੇ ਹਨ, ਤਾਂ ਸੱਪ ਅਤੇ ਹੋਰ ਕੀੜੇ ਨਦੀਆਂ `ਚੋਂ ਬਹਿਕੇ ਆਉਂਦੇ ਹਨ। ਜੋ ਲੋਕ ਆਪਣੇ ਘਰ ਸਾਫ ਸਫਾਈ ਦੇ ਲਈ ਵਾਪਸ ਆ ਰਹੇ ਹਨ ਉਨ੍ਹਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਅਤੇ ਉਹ ਆਪਣੇ ਹੱਥਾਂ ਨੂੰ ਜੁੱਤਿਆਂ, ਟੁੱਟੇ ਹੋਏ ਟਾਇਲਸ ਜਾਂ ਫਿਰ ਲਕੜੀ ਨਾਲ ਬਣੇ ਸਮਾਨ ਦੇ ਹੇਠਾਂ ਹੱਥ ਨਾ ਲਗਾਉਣ। ਏਰਨਾਕੁਲਮ ਜਿ਼ਲ੍ਹੇ ਦੇ ਅੰਗਾਮਲੇ ਦੇ ਹਸਪਤਾਲ `ਚ ਸੱਪ ਦੇ ਕੱਟਣ ਕਾਰਨ 52 ਲੋਕਾਂ ਦਾ ਇਲਾਜ ਚੱਲ ਰਿਹਾ ਹੈ।