ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ’ਚ ਨਿਯੁਕਤ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਇੱਕ ਜਵਾਨ ਪ੍ਰਮੋਦ ਕੁਮਾਰ ਨੇ ਵਿਡੀਓ ਬਣਾ ਕੇ ਉੱਤਰ ਪ੍ਰਦੇਸ਼ ’ਚ ਆਪਣੇ ਚਾਚਾ ਉੱਤੇ ਜ਼ਮੀਨ ਹੜੱਪਣ ਦਾ ਦੋਸ਼ ਲਾਇਆ ਹੈ। ਇਹੋ ਨਹੀਂ, ਉਸ ਨੇ ਇਨਸਾਫ਼ ਨਾ ਮਿਲਣ ’ਤੇ ‘ਪਾਨ ਸਿੰਘ ਤੋਮਰ’ ਬਣਨ ਦੀ ਚੇਤਾਵਨੀ ਵੀ ਦਿੱਤੀ ਹੈ। ਇਸ ਜਵਾਨ ਦਾ ਇਹ ਵਿਡੀਓ ਵਾਇਰਲ ਹੋ ਗਿਆ ਹੈ।
30 ਮਿੰਟਾਂ ਦੀ ਵਿਡੀਓ ’ਚ ਇਹ ਜਵਾਨ ਪ੍ਰਮੋਦ ਕੁਮਾਰ ਦੱਸਦਾ ਹੇ ਕਿ ਉਸ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ’ਚ ਰਹਿੰਦਾ ਹੈ। ਉਹ ਦੱਸਦਾ ਹੇ ਕਿ ਉਸ ਨੇ ਇਸ ਸਬੰਧੀ ਆਪਣੀ ਪਤਨੀ ਨੂੰ ਤਹਿਸੀਲ ਵਿੱਚ ਸ਼ਿਕਾਇਤ ਕਰਨ ਲਈ ਕਿਹਾ ਸੀ।
ਪ੍ਰਮੋਦ ਕੁਮਾਰ ਨੇ ਖ਼ੁਦ ਜਦੋਂ ਆਪਣੇ ਕਮਾਂਡੈਂਟ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ; ਤਦ ਉਨ੍ਹਾਂ ਹਾਥਰਸ ਜ਼ਿਲ੍ਹੇ ਦੇ ਐੱਸਐੱਸਪੀ ਤੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਵੀ ਲਿਖੀ ਸੀ ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਅਦ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
CRPF ਜਵਾਨ ਪ੍ਰਮੋਦ ਕੁਮਾਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਇਸ ਦੌਰਾਨ ਸੁਕਮਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਚੰਦਨ ਕੁਮਾਰ ਨੇ ਦੱਸਿਆ ਕਿ ਵਿਡੀਓ ਵਾਇਰਲ ਹੋਣ ਤੋਂ ਬਾਅਦ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਪ੍ਰਮੋਦ ਕੁਮਾਰ ਨੂੰ ਹਾਥਰਸ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਨ ਲਈ ਕਿਹਾ ਹੈ।
ਉੱਧਰ ਹਾਥਰਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਵੀ ਇਸ ਮਾਮਲੇ ਵਿੱਚ ਵਾਜਬ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ।