Cyclone Fani : ਭਿਆਨਕ ਚੱਕਰਵਾਤੀ ਤੂਫਾਨ ‘ਫੇਨੀ’ ਦਾ ਸਾਹਮਣਾ ਕਰਨ ਤੋਂ ਬਾਅਦ ਉੜੀਸਾ ਵਿੱਚ ਵੱਡੇ ਪੱਧਰ ਉੱਤੇ ਕੋਈ ਜਾਨੀ ਨੁਕਸਾਨ ਨਾ ਹੋਣ ਕਾਰਨ ਸੂਬਾ ਸਰਕਾਰ ਦੀ ਪ੍ਰਸ਼ੰਸਾ ਹੋ ਰਹੀ ਹੈ।
ਉੜੀਸਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੇ ਆਪਣੀ ਚੰਗੀ ਯੋਜਨਾ ਕਾਰਨ ਦੁਨੀਆਂ ਸਾਹਮਣੇ ਇੱਕ ਮਿਸਾਲ ਪੇਸ਼ ਕੀਤੀ ਹੈ। ਇਥੇ ਤੱਕ ਕਿ ਸੰਯੁਕਤ ਰਾਸ਼ਟਰ (ਯੂਐਨ) ਨੇ ਵੀ ਚੱਕਰਵਾਤੀ ਤੂਫ਼ਾਨ ਦੇ ਕਹਿਰ ਨਾਲ ਨਿਪਟਣ ਲਈ ਕੀਤੇ ਗਏ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਹੈ।
ਸੰਯੁਕਤ ਰਾਸ਼ਟਰ ਦਫ਼ਤਰ ਦੇ ਬੁਲਾਰੇ ਡੇਨਿਸ ਮੈਕੱਲੇਨ ਨੇ ਭਾਰਤ ਸਰਕਾਰ ਦੀ ਚੱਕਰਵਾਤ ਸਬੰਧੀ ਤਿਆਰੀਆਂ ਦੀ ਨੀਤੀ ਉੱਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤੀ ਮੌਸਮ ਵਿਭਾਗ ਨੇ ਸ਼ੁਰੂਆਤੀ ਚੇਤਾਵਨੀਆਂ ਦੀ ਲਗਭਗ ਸਟੀਕਤਾ ਨੇ ਅਧਿਕਾਰੀਆਂ ਨੂੰ ਚੰਗੀ ਤਰ੍ਹਾਂ ਬਚਾਅ ਯੋਜਨਾ ਦਾ ਸੰਚਾਲਨ ਕਰਨ ਲਈ ਸਮਰੱਥ ਬਣਾ ਦਿੱਤਾ ਜਿਸ ਵਿੱਚ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਤੂਫ਼ਾਨ ਰਾਹਤ ਕੈਂਪਾਂ ਤੱਕ ਪਹੁੰਚਾਉਣਾ ਸ਼ਾਮਲ ਹੈ।
ਉੜੀਸਾ ਸਰਕਾਰ ਨੇ ਪੂਰੀ ਮਸ਼ੀਨਰੀ ਲਾਈ
ਉੜੀਸਾ ਸਰਕਾਰ ਨੇ ਲੋਕਾਂ ਨੂੰ ਸੁਚੇਤ ਕਰਨ ਵਿੱਚ ਅਤੇ ਸੁਰੱਖਿਅਤ ਸਥਾਨਾਂ ਤੱਕ ਪਹੁੰਚਾਉਣ ਵਿੱਚ ਆਪਣੀ ਪੂਰੀ ਮਸ਼ੀਨਰੀ ਲਗਾ ਦਿੱਤੀ। ਤੂਫ਼ਾਨ ਤੋਂ ਪਹਿਲਾਂ ਕਰੀਬ 26 ਲੱਖ ਮੈਸੇਜ ਭੇਜੇ ਗਏ, 43 ਹਜ਼ਾਰ ਵਲੰਟੀਅਰ, 1000 ਐਮਰਜੈਂਸੀ ਕਰਮੀ, ਟੀਵੀ ਉੱਤੇ ਇਸ਼ਤਿਹਾਰ, ਤੱਟੀ ਇਲਾਕਿਆਂ ਵਿੱਚ ਲੱਗੇ ਸਾਇਰਨ, ਬੱਸਾਂ, ਪੁਲਿਸ ਅਧਿਕਾਰੀ ਅਤੇ ਜਨਤਕ ਸੂਚਨਾਵਾਂ ਵਰਗੇ ਹੋਰ ਤਰੀਕੇ ਸੂਬਾ ਸਰਾਕਰ ਨੇ ਕੀਤੇ।