ਮੱਧ ਪ੍ਰਦੇਸ਼ ’ਚ ਇੱਕ ਦਲਿਤ ਲਾੜੇ ਨੂੰ ਕਥਿਤ ਤੌਰ ’ਤੇ ਇੱਕ ਮੰਦਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਪਿੰਡ ਬਿਰੋਦਾ ਦੀ ਹੈ।
ਦੋਸ਼ ਹੈ ਕਿ ਪਿੰਡ ਦੇ ਕੁਝ ਲੋਕਾਂ ਨੇ ਦਲਿਤ ਪਰਿਵਾਰ ਦੇ ਲਾੜੇ ਨੂੰ ਮੰਦਰ ਦੇ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਮਾਹੌਲ ਕੁਝ ਤਣਾਅਪੂਰਨ ਬਣ ਗਿਆ।
ਪੀੜਤ ਧਿਰ ਨੇ ਇਲਾਕੇ ਦੇ ਐੱਸਡੀਐੱਮ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਇਸ ਬਾਰੇ ਐੱਸਡੀਐਮ ਕਾਸ਼ੀਰਾਮ ਬਡੋਲੇ ਨੇ ਕਿਹਾ ਕਿ ਇੱਕ ਸ਼ਿਕਾਇਤ ਮਿਲੀ ਹੈ ਕਿ ਕੁਝ ਸਮਾਜ–ਵਿਰੋਧੀ ਤੱਤਾਂ ਨੇ ਦਲਿਤ ਪਰਿਵਾਰ ਦੇ ਲੋਕਾਂ ਤੇ ਉਨ੍ਹਾਂ ਦੇ ਲਾੜੇ ਨੂੰ ਇੱਕ ਮੰਦਰ ਦੇ ਅੰਦਰ ਦਾਖ਼ਲ ਹੋਣ ਤੋਂ ਵਰਜ ਦਿੱਤਾ।
SDM ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਵਾਜਬ ਕਾਰਵਾਈ ਕੀਤੀ ਜਾਵੇਗੀ।
ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਜਦੋਂ ਦੇਸ਼ ਚੰਨ ਉੱਤੇ ਪੁੱਜ ਚੁੱਕਾ ਹੈ ਅਤੇ ਮੰਗਲ ਉੱਤੇ ਪੁੱਜਣ ਦੀਆਂ ਤਿਆਰੀਆਂ ’ਚ ਹੈ; ਅਜਿਹੇ ਵੇਲੇ ਕੁਝ ਨਾਸਮਝ ਲੋਕ ਛੂਤਛਾਤ ਦੀਆਂ ਹੋਛੀਆਂ ਹਰਕਤਾਂ ਕਰ ਕੇ ਆਪਣੇ ਪਿੰਡ ਵਾਸੀਆਂ ਤੋਂ ਹੀ ਦੂਰ ਹੋ ਰਹੇ ਹਨ।