ਆੱਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ (AIIMS) ਨੇ ਪਹਿਲੀ ਵਾਰ ਮਨੁੱਖੀ ਸਰੀਰ ਵਿੱਚ ਘਾਤਕ ਰਸਾਇਣਾਂ ਤੇ ਧਾਤਾਂ ਦਾ ਪਤਾ ਲਾਇਆ ਹੈ। ਪਿਛਲੇ ਇੱਕ ਮਹੀਨੇ ’ਚ ਏਮਸ ਨੇ ਅਤਿ–ਆਧੁਨਿਕ ਮਸ਼ੀਨਾਂ ਰਾਹੀਂ ਲਗਭਗ 200 ਮਰੀਜ਼ਾਂ ਦੇ ਖ਼ੂਨ ਤੇ ਪਿਸ਼ਾਬ ਦੀ ਜਾਂਚ ਕੀਤੀ ਸੀ। ਉਨ੍ਹਾਂ ਵਿਚੋਂ 32 ਮਰੀਜ਼ਾਂ ਦੇ ਸਰੀਰ ਵਿੱਚ ਆਰਸੈਨਿਕ ਭਾਵ ਸੰਖੀਆ, ਲੈੱਡ ਭਾਵ ਸਿੱਕਾ, ਫ਼ਲੋਰਾਈਡ, ਕ੍ਰੋਮੀਅਮ ਤੇ ਮਰਕਰੀ ਭਾਵ ਪਾਰਾ ਕਾਫ਼ੀ ਮਾਰਾ ਵਿੱਚ ਪਾਏ ਗਏ ਹਨ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰੀਜ਼ ਦਿੱਲੀ ਤੇ ਆਲੇ–ਦੁਆਲੇ ਦੇ ਇਲਾਕਿਆਂ ਦੇ ਹਨ; ਜਦ ਕਿ ਕੁਝ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵੀ ਹਨ। ਇਹ ਸਾਰੇ AIIMS ਦੇ ਵੱਖੋ–ਵੱਖਰੇ ਵਿਭਾਗਾਂ ਦੀਆਂ ਓਪੀਡੀਜ਼ ਵਿੱਚ ਇਲਾਜ ਕਰਵਾਉਣ ਲਈ ਆਏ ਸਨ। ਡਾਕਟਰਾਂ ਨੇ ਉਨ੍ਹਾਂ ਦੇ ਲੱਛਣਾਂ ਵਿੱਚ ਭਿੰਨਤਾ ਵੇਖੀ ਤੇ ਉਨ੍ਹਾਂ ਨੂੰ ਪਿੱਛੇ ਜਿਹੇ ਸਥਾਪਤ ਕੀਤੇ ‘ਜ਼ਹਿਰ–ਤੋੜ ਕੇਂਦਰ’ ਦੀ ਅਤਿ–ਆਧੁਨਿਕ ਪ੍ਰਯੋਗਸ਼ਾਲਾ ਵਿੱਚ ਭੇਜਿਆ ਗਿਆ।
ਖ਼ਤਰਨਾਕ ਰਸਾਇਣ ਮਿਲਣ ਤੋਂ ਬਾਅਦ ਡਾਕਟਰ ਛੇਤੀ ਹੀ ਇਨ੍ਹਾਂ ਮਰੀਜ਼ਾਂ ਦੀ ਕਾਊਂਸਲਿੰਗ ਕਰਨਗੇ ਤੇ ਉਨ੍ਹਾਂ ਦੇ ਸਰੀਰ ਵਿੱਚ ਇਨ੍ਹਾਂ ਰਸਾਇਣਾਂ ਦੇ ਮੂਲ ਸਰੋਤ ਦਾ ਪਤਾ ਲਾਉਣਗੇ। ਉਨ੍ਹਾਂ ਦੇ ਘਰਾਂ ਵਿੱਚ ਪੀਣ ਵਾਲੇ ਪਾਣੀ ਦੇ ਸੈਂਪਲ ਲੈ ਕੇ ਏਮਸ ਇੱਕ ਵੱਖਰੀ ਰਿਪੋਰਟ ਤਿਆਰ ਕਰੇਗਾ।
ਡਾਕਟਰਾਂ ਦਾ ਕਹਿਣਾ ਹੇ ਕਿ ਇਨ੍ਹਾਂ ਰਸਾਇਣਾਂ ਦਾ ਸਰੀਰ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਨ੍ਹਾਂ ਕਾਰਨ ਹੀ ਗੁਰਦਾ, ਜਿਗਰ ਦੇ ਕੰਮ ਨਾ ਹੋਣ ਕਾਰਨ ਕੈਂਸਰ ਜਿਹੀਆਂ ਜਾਨਲੇਵਾ ਬੀਮਾਰੀਆਂ ਵੀ ਪੈਦਾ ਹੋਣ ਲੱਗਦੀਆਂ ਹਨ।