ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪਤਨੀ ਮੇਲਾਨੀਆ ਟਰੰਪ ਆਉਂਦੀ 24–25 ਫ਼ਰਵਰੀ ਨੂੰ ਭਾਰਤ ਦੌਰੇ ’ਤੇ ਆ ਰਹੇ ਹਨ; ਜਿਸ ਲਈ ਦੇਸ਼ ਦੇ ਉਨ੍ਹਾਂ ਸਾਰੇ ਸਥਾਨਾਂ ’ਤੇ ਸਖ਼ਤ ਸੁਰੱਖਿਆ ਇੰਤਜ਼ਾਮ ਹੁਣੇ ਤੋਂ ਕਰ ਦਿੱਤੇ ਗਏ ਹਨ; ਜਿੱਥੇ–ਜਿੱਥੇ ਵੀ ਸ੍ਰੀ ਟਰੰਪ ਨੇ ਜਾਣਾ ਹੈ। ਅਹਿਮਦਾਬਾਦ, ਆਗਰਾ ਤੋਂ ਲੈ ਕੇ ਦਿੱਲੀ ਤੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਬਹੁਤ ਸਖ਼ਤ ਹੋਵੇਗੀ। ਸ੍ਰੀ ਟਰੰਪ ਨਾਲ ਭਾਰਤ ਦੌਰੇ ’ਤੇ ਨਾ ਸਿਰਫ਼ ਉਨ੍ਹਾਂ ਦੀ ਸੁਰੱਖਿਆ ਟੀਮ ਹੋਵੇਗੀ, ਸਗੋਂ ਇੱਕ ‘ਨਿਊਕਲੀਅਰ ਫ਼ੁੱਟਬਾਲ’ (ਪ੍ਰਮਾਣੂ ਫ਼ੁੱਟਬਾਲ) ਵੀ ਹੋਵੇਗੀ।
ਦਰਅਸਲ, ਅਮਰੀਕੀ ਰਾਸ਼ਟਰਪਤੀ ਸਦਾ ਆਪਣੇ ਨਾਲ ‘ਨਿਊਕਲੀਅਰ ਫ਼ੁੱਟਬਾਲ’ ਰੱਖਦੇ ਹਨ। ਇਸ ਫ਼ੁੱਟਬਾਲ ਦੀ ਅਹਿਮੀਅਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਛਿਣ ਦੁਨੀਆ ਨੂੰ ਤਬਾਹ ਕਰ ਸਕਦਾ ਹੈ। ਇਸ ਨਿਊਕਲੀਅਰ ਫ਼ੁੱਟਬਾਲ ਨੂੰ ‘ਸੀਕਰੇਟ ਬ੍ਰੀਫ਼ਕੇਸ’ ਵੀ ਕਿਹਾ ਜਾਂਦਾ ਹੈ। ਸ੍ਰੀ ਟਰੰਪ ਦੇ ਸੁਰੱਖਿਆ ਜਵਾਨਾਂ ਕੋਲ ਇਹ ਬ੍ਰੀਫ਼ਕੇਸ ਸਦਾ ਹੁੰਦਾ ਹੈ।
ਹੋਰ ਜਵਾਨਾਂ ਦੇ ਹੱਥ ਵਿੱਚ ਹਥਿਆਰਾਂ ਨਾਲ ਲੈਸ ਇੱਕ ਬ੍ਰੀਫ਼ਕੇਸ ਵੀ ਹੁੰਦਾ ਹੈ; ਤਾਂ ਜੋ ਜਦੋਂ ਵੀ ਕੋਈ ਇਹ ਨਿਊਕਲੀਅਰ ਫ਼ੁੱਟਬਾਲ ਖੋਹਣ ਦੀ ਕੋਸ਼ਿਸ਼ ਕਰੇ, ਤਾਂ ਜੋ ਉਸ ਨੂੰ ਬਚਾਇਆ ਜਾ ਸਕੇ।
ਪ੍ਰਮਾਣੂ ਹਮਲੇ ਲਈ ਸੀਕਰੇਟ ਕੋਡ ਅਤੇ ਅਲਾਰਮ ਨਾਲ ਲੈਸ ਇਸ ਬ੍ਰੀਫ਼ਕੇਸ ਨੂੰ ਨਿਊਕਲੀਅਰ ਫ਼ੁੱਟਬਾਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਭਾਵੇਂ ਇਹ ਅਸਲ ਵਾਲਾ ਫ਼ੁੱਟਬਾਲ ਨਹੀਂ ਹੁੰਦਾ। ਕਾਲੇ ਰੰਗ ਦਾ ਇਹ ਟਾੱਪ ਸੀਕਰੇਟ ਬ੍ਰੀਫ਼ਕੇਸ ਦੁਨੀਆ ਦਾ ਸਭ ਤੋਂ ਤਾਕਤਵਰ ਬ੍ਰੀਫ਼ਕੇਸ ਮੰਨਿਆ ਜਾਂਦਾ ਹੈ।
ਇਸ ਬ੍ਰੀਫ਼ਕੇਸ ’ਚ ਸੰਚਾਰ ਉਪਕਰਣ ਹੁੰਦੇ ਹਨ, ਜੋ ਉਨ੍ਹਾਂ ਨੂੰ ਪ੍ਰਮਾਣੂ ਹਮਲੇ ਦੀ ਇਜਾਜ਼ਤ ਦਿੰਦਾ ਹੈ। ‘ਡੇਲੀ ਮੇਲ’ ਮੁਤਾਬਕ 1962 ਤੋਂ ਬਾਅਦ ਅਮਰੀਕਾ ਦੇ ਹਰੇਕ ਰਾਸ਼ਟਰਪਤੀ ਕੋਲ ਸਦਾ ਪ੍ਰਮਾਣੂ ਜੰਗ ਦੇ ਵਿਕਲਪ ਮੌਜੂਦ ਰਹਿਣ। ਕਦੇ–ਕਦੇ ਅਮਰੀਕੀ ਰਾਸ਼ਟਰਪਤੀ ਆਪਣੇ ਹੱਥ ’ਚ ਵੀ ਲੈ ਕੇ ਰੱਖਦੇ ਹਨ ਤੇ ਕਦੇ ਇਹ ਬ੍ਰੀਫ਼ਕੇਸ ਸੁਰੱਖਿਆ ਜਵਾਨਾਂ ਕੋਲ ਹੁੰਦਾ ਹੈ।
ਅਮਰੀਕਾ ’ਚ ਤਿੰਨ ਨਿਊਕਲੀਅਰ ਫ਼ੁੱਟਬਾਲ ਹਨ। ਇਨ੍ਹਾਂ ’ਚੋਂ ਇੱਕ ਰਾਸ਼ਟਰਪਤੀ ਕੋਲ ਹੁੰਦਾ ਹੈ, ਦੂਜਾ ਉੱਪ–ਰਾਸ਼ਟਰਪਤੀ ਕੋਲ ਤੇ ਤੀਜਾ ਵ੍ਹਾਈਟ ਹਾਊਸ ’ਚ ਸੁਰੱਖਿਅਤ ਪਿਆ ਰਹਿੰਦਾ ਹੈ। ਇਸ ਬ੍ਰੀਫ਼ਕੇਸ ਦੇ ਅੰਦਰ ਇੱਕ ਛੋਟਾ ਜਿਹਾ ਐਂਟੀਨਾ ਵਾਲਾ ਸੰਚਾਰ ਉਪਕਰਣ ਹੁੰਦਾ ਹੈ, ਜੋ ਸੈਟੇਲਾਇਟ ਫ਼ੋਨ ਨਾਲ ਸਦਾ ਜੁੜਿਆ ਹੁੰਦਾ ਹੈ। ਇਸ ਰਾਹੀਂ ਅਮਰੀਕੀ ਰਾਸ਼ਟਰਪਤੀ ਦੁਨੀਆ ਦੇ ਕਿਸੇ ਵੀ ਕੋਣੇ ’ਚ ਤੁਰੰਤ ਗੱਲ ਕਰ ਸਕਦੇ ਹਨ ਤੇ ਦਿਸ਼ਾ–ਨਿਰਦੇਸ਼ ਦੇ ਸਕਦੇ ਹਨ।
ਇਸ ਵਿੱਚ 75 ਪੰਨਿਆਂ ਦੀ ਇੱਕ ਕਿਤਾਬ ਵੀ ਹੁੰਦੀ ਹੈ, ਜੋ ਰਾਸ਼ਟਰਪਤੀ ਨੂੰ ਪ੍ਰਮਾਣੂ ਹਮਲੇ ਨਾਲ ਸਬੰਧਤ ਸਾਰੇ ਵਿਕਲਪਾਂ ਬਾਰੇ ਸੂਚਿਤ ਕਰਦੀ ਹੈ।