ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ’ਚ ਪ੍ਰਦੂਸ਼ਣ ਖ਼ਤਰਨਾਕ ਪੱਧਰ ’ਤੇ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਵੀ ਲੋਕਾਂ ਨੂੰ ਖ਼ਰਾਬ ਹਵਾ ਨਾਲ ਜੂਝਣਾ ਪਿਆ। ਹਵਾ ਦਾ ਮਿਆਰ ਬਹੁਤ ਖ਼ਰਾਬ ਤੇ ਗੰਭੀਰ ਪੱਧਰ ਦੀ ਸੀਮਾ–ਰੇਖਾ ਉੱਤੇ ਬਣਿਆ ਹੋਇਆ ਹੈ। ਦਿੱਲੀ–ਰਾਸ਼ਟਰੀ ਰਾਜਧਾਨੀਖੇਤਰ ਵਿੱਚ ਗ਼ਾਜ਼ੀਆਬਾਦ ਲਗਾਤਾਰ ਚੌਥੇ ਦਿਨ ਸਭ ਤੋਂ ਵੱਧ ਦੂਸ਼ਿਤ ਰਿਹਾ। ਇੱਥੇ ਹਵਾ ਦੇ ਮਿਆਰ ਦਾ ਸੂਚਕ–ਅੰਕ (AQI) 400 ਰਿਕਾਰਡ ਕੀਤਾ ਗਿਆ।
ਥੋੜ੍ਹੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਸ਼ੁੱਕਰਵਾਰ ਦੇਰ ਸ਼ਾਮੀਂ ਹਵਾ ਦੇ ਮਿਆਰ ਵਿੱਚ ਸੁਧਾਰ ਹੋਣ ਦੇ ਸੰਕੇਤ ਮਿਲਣ ਲੱਗ ਪਏ ਸਨ। ਹਵਾ ਦੀ ਰਫ਼ਤਾਰ ਵਿੱਚ ਤੇਜ਼ੀ ਆਉਣ ਨਾਲ ਅਗਲੇ ਦੋ ਦਿਨਾਂ ’ਚ ਪ੍ਰਦੂਸ਼ਣ ਘਟਣ ਦਾ ਅਨੁਮਾਨ ਹੈ। ਅਗਲੇ ਦੋ ਦਿਨ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ। ਇੰਝ ਅੱਜ ਸ਼ਾਮ ਤੱਕ ਹਵਾ ਦੇ ਮਿਆਰ ਵਿੱਚ ਕੁਝ ਸੁਧਾਰ ਹੋ ਸਕਦਾ ਹੇ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ’ਚ ਪਰਾਲ਼ੀ ਸਾੜਨ ਦੇ ਮਾਮਲੇ ਘਟਣ ਕਾਰਨ ਦਿੱਲੀ ਦੇ ਪ੍ਰਦੂਸ਼ਣ ਵਿੱਚ ਪਰਾਲ਼ੀ ਦੇ ਧੂੰਏ ਦੇ ਹਿੱਸੇ ’ਚ ਕੁਝ ਕਮੀ ਆਈ ਹੈ। ਸ਼ੁੱਕਰਵਾਰ ਨੂੰ ਪਰਾਲ਼ੀ ਦੇ ਧੂੰਏਂ ਦਾ ਹਿੱਸਾ ਵੀਰਵਾਰ ਦੇ 5 ਫ਼ੀ ਸਦੀ ਦੇ ਮੁਕਾਬਲੇ ਚਾਰ ਫ਼ੀਸ ਦੀ ਤੱਕ ਪੁੱਜ ਗਿਆ ਸੀ।
ਦਿੱਲੀ ਦਾ AQI 360, ਨੌਇਡਾ ਦਾ 380 ਅਤੇ ਗ੍ਰੇਟਰ ਨੌਇਡਾ ਦਾ 390 ’ਤੇ ਰਿਹਾ। ਬੀਤੇ ਪੰਜ ਦਿਨਾਂ ’ਚ ਦਿੱਲੀ–ਐੱਨਸੀਆਰ ’ਚ ਸਭ ਤੋਂ ਸਾਫ਼ ਹਵਾ ਗੁਰੂਗ੍ਰਾਮ ਭਾਵ ਗੁੜਗਾਓਂ ਦੀ ਰਹੀ। ਸ਼ੁੱਕਰਵਾਰ ਨੂੰ ਇੱਥੋਂ ਦਾ ਸੂਚਕ–ਅੰਕ 288 ਉੱਤੇ ਰਿਕਾਰਡ ਕੀਤਾ ਗਿਆ।
ਰਾਜਧਾਨੀ ਦਿੱਲੀ ਦੇ ਰੋਹਿਣੀ ਇਲਾਕੇ ’ਚ ਹਵਾ ਦਾ ਮਿਆਰ ਸਭ ਤੋਂ ਖ਼ਰਾਬ ਪੱਧਰ ’ਤੇ ਰਿਹਾ। ਰੋਹਿਣੀ ਦਾ AQI 416 ਰਿਕਾਰਡ ਕੀਤਾ ਗਿਆ। ਇਸ ਤੋਂ ਬਾਅਦ ਬਵਾਨਾ 411, ਆਨੰਦ ਵਿਹਾਰ 410, ਮੁੰਡਕਾ 401, ਨਰੇਲਾ 401 ਅਤੇ ਵਿਵੇਕ ਵਿਹਾਰ ਵਿੱਚ 402 ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਵਿਗਿਆਨੀਆਂ ਮੁਤਾਬਕ ਪੱਛਮੀ ਗੜਬੜੀ ਕਾਰਨ ਆਉਂਦੀ 25 ਨਵੰਬਰ ਤੋਂ ਹਵਾ ਦੀ ਰਫ਼ਤਾਰ ਕੁਝ ਘਟ ਜਾਵੇਗੀ ਤੇ ਤਦ ਫਿਰ ਦੂਸ਼ਿਤ ਹਵਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।