ਖ਼ਤਰਨਾਕ ਕੋਰੋਨਾ ਵਾਇਰਸ ਹੁਣ ਤੱਕ ਚੀਨ ’ਚ 259 ਵਿਅਕਤੀਆਂ ਦੀਆਂ ਜਾਨਾਂ ਲੈ ਚੁੱਕਾ ਹੈ। ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ’ਚ ਸਭ ਤੋਂ ਵੱਧ ਫੈਲਿਆ ਹੋਇਆ ਹੈ। ਉੱਥੋਂ 324 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਹਵਾਈ ਜਹਾਜ਼ ਬੀ–747 ਅੱਜ ਵੱਡੇ ਤੜਕੇ ਨਵੀਂ ਦਿੱਲੀ ਹਵਾਈ ਅੱਡੇ ’ਤੇ ਪਰਤ ਆਇਆ।
ਭਾਰਤੀ ਹਵਾਈ ਜਹਾਜ਼ ਸ਼ੁੱਕਰਵਾਰ ਦੁਪਹਿਰੇ ਦਿੱਲੀ ਤੋਂ ਚੀਨ ਦੇ ਸ਼ਹਿਰ ਵੁਹਾਨ ਲਈ ਰਵਾਨਾ ਹੋਇਆ ਸੀ। ਉਸ ਉਡਾਣ ’ਚ ਪੰਜ ਕਾਕਪਿਟ ਕਰਿਯੂ ਮੈਂਬਰ ਤੇ 15 ਕੈਬਿਨ ਕਰਿਯੂ ਮੈਂਬਰ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਜਹਾਜ਼ ਵਿੱਚ ਰਾਮ ਮਨੋਹਰ ਲੋਹੀਆ (RML) ਹਸਪਤਾਲ ਦੇ ਪੰਜ ਡਾਕਟਰ ਤੇ ਇੱਕ ਪੈਰਾ–ਮੈਡੀਕਲ ਮੁਲਾਜ਼ਮ ਵੀ ਮੌਜੂਦ ਸਨ। ਹਵਾਈ ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਸੀ ਕਿ ਵੁਹਾਨ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਇੱਕ ਹੋਰ ਵਿਸ਼ੇਸ਼ ਉਡਾਣ ਸਨਿੱਚਰਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਰਵਾਨਾ ਹੋ ਸਕਦੀ ਹੈ।
ਇਸ ਸਮੁੱਚੀ ਮੁਹਿੰਮ ਦੀ ਅਗਵਾਈ ਏਅਰ ਇੰਡੀਆ ਦੇ ਕੈਪਟਨ ਅਮਿਤਾਭ ਸਿੰਘ, ਡਾਇਰੈਕਟਰ (ਮੁਹਿੰਮ) ਵੱਲੋਂ ਕੀਤੀ ਜਾ ਰਹੀ ਹੈ।
ਉੱਧਰ ਚੀਨ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਵੇਈ ਸੂਬੇ ’ਚ ਸ਼ੁੱਕਰਵਾਰ ਦੇਰ ਰਾਤੀਂ 45 ਹੋਰ ਮੌਤਾਂ ਦੀ ਖ਼ਬਰ ਆਈ ਹੈ। ਚੀਨ ’ਚ ਹੁਵੇਈ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਸੂਬੇ ’ਚ ਕੱਲ੍ਹ 1,347 ਨਵੇਂ ਮਾਮਲੇ ਸਾਹਮਣੇ ਆਏ ਹਨ। ਇੰਝ ਹੁਣ ਇਸ ਵਾਇਰਸ ਤੋਂ ਗ੍ਰਸਤ/ਪੀੜਤ ਲੋਕਾਂ ਦੀ ਗਿਣਤੀ 7,153 ਤੱਕ ਪੁੱਜ ਗਈ ਹੈ। ਸਮੁੱਚੇ ਚੀਨ ਦੇਸ਼ ਵਿੱਚ ਕੱਲ੍ਹ ਹੀ 2,012 ਨਵੇਂ ਮਾਮਲੇ ਸਾਹਮਣੇ ਆਏ ਹਨ।
ਅਧਿਕਾਰੀਆਂ ਮੁਤਾਬਕ ਕੋਰੋਨਾ ਵਾਇਰਸ ਤੋਂ ਪੀੜਤ 1,795 ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹੁਣ ਤੱਕ 17,988 ਸ਼ੱਕੀ ਮਰੀਜ਼ ਵੀ ਪਾਏ ਗਏ ਹਨ; ਜਿਨ੍ਹਾਂ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ। ਉੱਧਰ ਵੀਰਵਾਰ ਨੂੰ ਵਿਸ਼ਵ ਵਪਾਰ ਸੰਗਠਨ (WHO) ਨੇ ਚੀਨ ਦੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਗਲੋਬਲ ਐਮਰਜੈਂਸੀ ਕਰਾਰ ਦਿੱਤਾ ਸੀ।