ਚੀਨ ’ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 425 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਸੋਮਵਾਰ ਨੂੰ 64 ਹੋਰ ਮਰੀਜ਼ ਅਕਾਲ ਚਲਾਣਾ ਕਰ ਗਏ। ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਕਾਰਨ ਸਮੁੱਚੇ ਵਿਸ਼ਵ ’ਚ ਭਾਜੜਾਂ ਪਈਆਂ ਹੋਈਆਂ ਹਨ। ਇਸ ਵੇਲੇ 20,000 ਤੋਂ ਵੱਧ ਵਿਅਕਤੀ ਇਸ ਵਾਇਰਸ ਤੋਂ ਪੀੜਤ ਹਨ; ਜਿਨ੍ਹਾਂ ਵਿੱਚੋਂ 2,000 ਦੇ ਲਗਭਗ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਭਾਰਤ ਦੇ ਸੂਬੇ ਕੇਰਲ ’ਚ ਹੁਣ ਤੱਕ ਤਿੰਨ ਵਿਅਕਤੀ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਉੱਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਇਹ ਖ਼ਬਰ ਲਿਖੇ ਜਾਣ ਤੱਕ ਕੇਰਲ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਸਰਕਾਰੀ ਆਫ਼ਤ ਐਲਾਨ ਦਿੱਤਾ ਸੀ।
ਚੀਨ ਤੇ ਹਾਂਗ ਕਾਂਗ ਤੋਂ ਬਾਅਦ ਹੁਣ ਮੁੰਬਈ ਹਵਾਈ ਅੱਡੇ ਉੱਤੇ ਸਿੰਗਾਪੁਰ ਤੇ ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ’ਚ ਵੀ ਕੋਰੋਨਾ ਵਾਇਰਸ ਦੀ ਛੂਤ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਾਜ ਸਰਕਾਰ ਨੇ ਜਾਂਚ ਵਿੱਚ ਮਦਦ ਲਈ ਭਾਰਤੀ ਹਵਾਈ ਅੱਡਾ ਅਥਾਰਟੀ ਨੂੰ 25 ਸਿਹਤ ਅਧਿਕਾਰੀਆਂ ਦੀ ਟੀਮ ਉਪਲਬਧ ਕਰਵਾਈ ਹੈ।
ਉੱਧਰ ਪੱਛਮੀ ਬੰਗਾਲ ਸਰਕਾਰ ਨੇ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ’ਤੇ ਕੋਰੋਨਾ ਵਾਇਰਸ ਦੀ ਜਾਂਚ ਕਰਨ ਵਾਲੇ ਦੋ ਥਰਮਲ ਸਕੈਨਰ ਲਾਏ ਹਨ। ਸਮੁੰਦਰੀ ਰਸਤੇ ਆਉਣ ਵਾਲੇ ਯਾਤਰੀਆਂ ਦੀ ਜਾਂਚ ਲਈ ਕੋਲਕਾਤਾ ਬੰਦਰਗਾਹ ਉੱਤੇ ਥਰਮਲ ਸਕੈਨਰ ਪਹਿਲਾਂ ਹੀ ਫ਼ਿਟ ਹੋ ਚੁੱਕੇ ਹਨ।
ਹਾਲੇ ਤੱਕ ਇਹ ਪਤਾ ਨਹੀਂ ਲੱਗਾ ਕਿ ਕੋਰੋਨਾ ਵਾਇਰਸ ਕਿਸ ਕਾਰਨ ਫੈਲਿਆ। ਇਹ ਵਾਇਰਸ ਦਾ ਵੱਡਾ ਸਮੂਹ ਹੈ, ਜਿਸ ਵਿੱਚ ਕੁਝ ਮਰੀਜ਼ ਇਸ ਤੋਂ ਪੀੜਤ ਹੋ ਰਹੇ ਹਨ। ਕੁਝ ਵਾਇਰਸ ਜਾਨਵਰਾਂ ’ਚ ਵੀ ਫੈਲ ਰਹੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਹੁਵੇਈ ਸੂਬੇ ਦੇ ਵੁਹਾਨ ਸ਼ਹਿਰ ’ਚ ਇਹ ਵਾਇਰਸ ਸ਼ਾਇਦ ਸਮੁੰਦਰੀ ਜੀਵ ਖਾਣ ਕਾਰਨ ਫੈਲਿਆ ਹੈ।