ਅੱਜ ਸ਼ੁੱਕਰਵਾਰ ਨੂੰ ਭਿਆਨਕ ਚੱਕਰਵਾਤੀ ਤੂਫ਼ਾਨ ਫ਼ੇਨੀ ਨੇ ਓੜੀਸ਼ਾ ਵਿੱਚ ਪੰਜ ਜਾਨਾਂ ਲੈ ਲਈਆਂ ਹਨ। ਪੁਰੀ ਸ਼ਹਿਰ ਤੇ ਓੜੀਸ਼ਾ ਦੇ ਹੋਰ ਵੀ ਕਈ ਹਿੱਸਿਆਂ ਵਿੱਚ ਇਸ ਤੂਫ਼ਾਨ ਨੇ ਵਿਆਪਕ ਤਬਾਹੀ ਮਚਾਈ ਹੈ। ਇਸ ਤੋਂ ਪਹਿਲਾਂ ਇਸੇ ਫੇਨੀ ਤੂਫ਼ਾਨ ਕਾਰਨ ਬਦਲੇ ਮੌਸਮ ਨਾਲ ਲਗਭਗ ਸਮੁੱਚੇ ਭਾਰਤ ਵਿੱਚ ਹੀ ਮੌਸਮ ਬਦਲਿਆ ਹੋਇਆ ਹੈ। ਹਰ ਥਾਂ ਉੱਤੇ ਝੱਖੜ ਝੁੱਲ ਰਹੇ ਹਨ ਤੇ ਮੀਂਹ ਪੈ ਰਿਹਾ ਹੈ।
ਉੱਤਰ ਪ੍ਰਦੇਸ਼ ਵਿੱਚ ਅਜਿਹੇ ਮੌਸਮ ਕਾਰਨ ਪਏ ਮੀਂਹ ਦੌਰਾਨ ਬਿਜਲੀ ਡਿੱਗਣ ਤੇ ਰੁੱਖ ਡਿੱਗਣ ਕਾਰਨ ਪੰਜ ਵਿਅਕਤੀ ਮਾਰੇ ਜਾ ਚੁੱਕੇ ਹਨ। ਇੰਝ ਫੇਨੀ ਤੂਫ਼ਾਨ ਭਾਰਤ ਵਿੱਚ ਇਹ ਖ਼ਬਰ ਲਿਖੇ ਜਾਣ ਤੱਕ 10 ਜਾਨਾਂ ਲੈ ਚੁੱਕਾ ਹੈ।
ਅੱਜ ਫੇਨੀ ਤੂਫ਼ਾਨ ਓੜੀਸ਼ਾ ਦੇ ਸਮੁੰਦਰੀ ਤਟ ਨਾਲ ਆ ਕੇ ਟਕਰਾਇਆ; ਜਿਸ ਕਾਰਨ ਇੱਥੇ ਬਹੁਤ ਤੇਜ਼ ਝੱਖੜ ਝੁੱਲ ਰਿਹਾ ਹੈ। ਫੇਨੀ ਤੂਫ਼ਾਨ ਨੂੰ ਪਿਛਲੇ ਪੰਜ ਸਾਲਾਂ ਦਾ ਸਭ ਤੋਂ ਭਿਆਨਕ ਤੂਫ਼ਾਨ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇਸ ਤੂਫ਼ਾਨ ਦੇ ਪੱਛਮੀ ਬੰਗਾਲ ਤੇ ਫਿਰ ਬੰਗਲਾਦੇਸ਼ ਜਾਣ ਦੀ ਆਸ ਹੈ।
ਓੜੀਸ਼ਾ ਵਿੱਚ 11 ਲੱਖ ਦੇ ਲਗਭਗ ਲੋਕਾਂ ਨੂੰ ਸਮੁੰਦਰੀ ਕੰਢੇ ਦੇ ਇਲਾਕਿਆਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਫੇਨੀ ਤੋਂ ਪ੍ਰਭਾਵਿਤ ਸਾਰੇ ਸੁਬਿਆਂ ਲਈ 1,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ।
ਅੱਜ ਰਾਜਸਥਾਨ ’ਚ ਇੱਕ ਚੋਣ–ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਲਗਾਤਾਰ ਓੜੀਸ਼ਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤਾਮਿਲ ਨਾਡੂ ਤੇ ਪੁੱਡੂਚੇਰੀ ਦੀਆਂ ਸਰਕਾਰਾਂ ਦੇ ਸੰਪਰਕ ਵਿੱਚ ਹਨ।