ਬੀਤੀ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਸਥਿਤ ਅੱਤਵਾਦੀ ਕੈਂਪ ਉੱਤੇ ਹਮਲੇ ਤੋਂ ਬਾਅਦ ਭਾਰਤ ਵਿੱਚ ਇਸ ਮੁੱਦੇ ਉੱਤੇ ਬਹੁਤ ਜ਼ੋਰ–ਸ਼ੋਰ ਨਾਲ ਬਹਿਸ ਜਾਰੀ ਹੈ ਕਿ ਆਖ਼ਰ ਉਨ੍ਹਾਂ ਹਮਲਿਆਂ ਨਾਲ ਅੱਤਵਾਦੀਆਂ ਦਾ ਕਿੰਨਾ ਕੁ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ।
ਇੱਕ ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਹਮਲੇ ਤੋਂ ਪਹਿਲਾਂ ਤੇ ਬਾਅਦ ਦੀਆਂ ਸੈਟੇਲਾਇਟ ਤਸਵੀਰਾਂ ਇਹੋ ਦਰਸਾ ਰਹੀਆਂ ਹਨ ਕਿ ਬਾਲਾਕੋਟ ’ਚ ਹਮਲੇ ਵਾਲੀ ਥਾਂ ਉੱਤੇ ਇਮਾਰਤ ਜਿਉਂ ਦੀ ਤਿਉਂ ਖੜ੍ਹੀ ਹੈ। ਉਹ ਤਸਵੀਰਾਂ ਬਹੁਤ ਹਾਈ–ਰੈਜ਼ੋਲਿਯੂਸ਼ਨ ਵਾਲੀਆਂ ਹਨ।
ਬਾਲਾਕੋਟ ’ਚ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਦਾ ਸਿਖਲਾਈ ਕੈਂਪ ਹੈ ਤੇ ਭਾਰਤ ਨੇ ਉਸੇ ਉੱਤੇ ਹਮਲਾ ਕੀਤਾ ਸੀ। ਇਹ ਹਮਲਾ ਬੀਤੀ 14 ਫ਼ਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਤਵਾਦੀ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਕੀਤਾ ਗਿਆ ਸੀ। ਭਾਰਤੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਬਾਲਾਕੋਟ ਚ ’ਬਹੁਤ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।
ਖ਼ਬਰ ਏਜੰਸੀ ‘ਰਾਇਟਰਜ਼’ ਨੇ ਸਾਨ ਫ਼ਰਾਂਸਿਸਕੋ (ਅਮਰੀਕਾ) ਸਥਿਤ ਇੱਕ ਪ੍ਰਾਈਵੇਟ ਸੈਟੇਲਾਇਟ ਆਪਰੇਟਰ ‘ਪਲੈਨੇਟ ਲੈਬਜ਼ ਇਨਕ.’ ਵੱਲੋਂ ਖਿੱਚੀਆਂ ਹਵਾਈ ਤਸਵੀਰਾਂ ਦੇ ਆਧਾਰ ਉੱਤੇ ਦਾਅਵਾ ਕੀਤਾ ਕਿ ਬੀਤੀ 4 ਮਾਰਚ ਨੂੰ ਮਦਰੱਸੇ ਵਾਲੀ ਥਾਂ ਉੱਤੇ ਛੇ ਇਮਾਰਤਾਂ ਬਿਲਕੁਲ ਸਹੀ ਸਲਾਮਤ ਖੜ੍ਹੀਆਂ ਸਨ।