ਆਮ ਬਜਟ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ, ਉਹ ਹਾਲੇ ਵੀ ਕਾਇਮ ਹੈ। ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਸੈਂਸੈਕਸ 173 ਅੰਕ ਟੁੱਟ ਕੇ 38,557 ਦੇ ਪੱਧਰ ਉੱਤੇ ਬੰਦ ਹੋਇਆ, ਤਾਂ ਉਹੀ ਨਿਫ਼ਟੀ ਵੀ 57 ਅੰਕ ਟੁੱਟ ਕੇ 11,499 ਦੇ ਪੱਧਰ ਉੱਤੇ ਰਿਹਾ।
ਕਾਰੋਬਾਰ ਦੌਰਾਨ ਆਟੋ ਸੈਕਟਰ ਦੇ ਸ਼ੇਅਰ ਵਿੱਚ ਵੱਡੀ ਗਿਰਾਵਟ ਵੇਖਣ ਨੂੰ ਮਿਲੀ। ਅਸਲ ’ਚ ਆਟੋ ਕੰਪਨੀਆਂ ਦੇ ਸੰਗਠਨ ‘ਸਿਆਮ’ ਨੇ ਅੱਜ ਬੀਤੇ ਜੂਨ ਮਹੀਨੇ ਦੇ ਵਾਹਨ–ਵਿਕਰੀ ਦੇ ਅੰਕੜੇ ਜਾਰੀ ਕੀਤੇ। ਇਸ ਅੰਕੜੇ ਮੁਤਾਬਕ ਦੇਸ਼ ਵਿੱਚ ਯਾਤਰੀ ਵਾਹਨਾਂ ਦੀ ਵਿਕਰੀ ਜੂਨ ਮਹੀਨੇ ਦੌਰਾਨ 17.54 ਫ਼ੀ ਸਦੀ ਘਟ ਕੇ 2,25,732 ਵਾਹਨ ਰਹਿ ਗਈ ਹੈ।
ਪਿਛਲੇ ਵਰ੍ਹੇ ਜੂਨ ਮਹੀਨੇ ਦੌਰਾਨ ਇਹ ਅੰਕੜਾ 2,73,748 ਉੱਤੇ ਸੀ। ਕਾਰੋਬਾਰ ਦੇ ਅੰਤ ਵਿੱਚ ਬਜਾਜ ਫ਼ਾਈਨਾਂਸ, ਟਾਟਾ ਸਟੀਲ, ਟਾਟਾ ਮੋਟਰਜ਼, ਐਕਸਿਸ ਬੈਂਕ, ਐੱਲ ਐਂਡ ਟੀ, ਹੀਰੋ ਮੋਟੋਕਾਰਪ, ਮਹਿੰਦਰਾ, ਬਜਾਜ ਆਟੋ ਤੇ ਐੱਸਬੀਆਈਐੱਨ ਦੇ ਸ਼ੇਅਰ ਲਾਲ ਨਿਸ਼ਾਨ ’ਤੇ ਬੰਦ ਹੋਏ।
ਉੱਧਰ ਯੈੱਸ ਬੈਂਕ ਤੇ ਸੰਨ–ਫ਼ਾਰਮਾ ਦੇ ਸ਼ੇਅਰ 1 ਫ਼ੀ ਸਦੀ ਤੋਂ ਵੱਧ ਵਾਧੇ ਨਾਲ ਹਰੇ ਨਿਸ਼ਾਨ ਉੱਤੇ ਰਹੇ। ਇਸ ਤੋਂ ਇਲਾਵਾ ਕੋਟਕ ਬੈਂਕ, ਆਈਸੀਆਈਸੀਆਈ ਬੈਂਕ, ਐੱਚਡੀਐੱਫ਼ਸੀ ਬੈਂਕ, ਪਾਵਰਗ੍ਰਿੱਡ ਤੇ ਇਨਫ਼ੋਸਿਸ ਦੇ ਸ਼ੇਅਰ ਵਿੱਚ ਵੀ ਵਾਧਾ ਦਰਜ ਕੀਤਾ ਗਿਆ।
ਇਸ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਕਾਰਨ ਡਾਲਰ ਦੇ ਮੁਕਾਬਲੇ ਰੁਪਿਆ 16 ਪੈਸੇ ਟੁੱਟ ਕੇ 68.67 ਰੁਪਏ ਉੱਤੇ ਖੁੱਲ੍ਹਿਆ ਅਤੇ ਇਹ 68.51 ਰੁਪਏ ਉੱਤੇ ਬੰਦ ਹੋਇਆ।