ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਦੀ ਫ਼ਰਾਂਸ ’ਚ ਜੰਗੀ ਹਵਾਈ ਜਹਾਜ਼ ਰਾਫ਼ੇਲ ਦੀ ਸ਼ਸਤਰ–ਪੂਜਾ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਵੱਖੋ–ਵੱਖਰੀ ਕਿਸਮ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਸ ਬਾਰੇ ਹੁਣ ਸ੍ਰੀ ਰਾਜਨਾਥ ਸਿੰਘ ਦਾ ਬਿਆਨ ਆ ਗਿਆ ਹੈ। ਉਨ੍ਹਾਂ ਅਜਿਹੀਆਂ ਆਲੋਚਨਾਵਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਉਹੀ ਕੀਤਾ ਹੈ ਕਿ ਜੋ ਮੈਨੂੰ ਸਹੀ ਲੱਗਾ ਕਿਉਂਕਿ ਮੇਰਾ ਯਕੀਨ ਹੈ ਕਿ ‘ਸੁਪਰ ਪਾਵਰ’ ਹੈ ਤੇ ਮੈਨੂੰ ਬਚਪਨ ਤੋਂ ਹੀ ਇਸ ’ਤੇ ਭਰੋਸਾ ਹੈ।
ਏਐੱਨਆਈ ਮੁਤਾਬਕ ਸ੍ਰੀ ਰਾਜਨਾਥ ਸਿੰਘ ਨੇ ਕਿਹਾ – ‘ਲੋਕ ਜੋ ਮਰਜ਼ੀ ਆਖਣ, ਉਹ ਕਹਿ ਸਕਦੇ ਹਨ। ਮੈਂ ਉਹੀ ਕੀਤਾ ਜੋ ਮੈਨੂੰ ਸਹੀ ਲੱਗਿਆ ਤੇ ਮੈਂ ਇੰਝ ਕਰਨਾ ਜਾਰੀ ਰੱਖਾਂਗਾ। ਇਹ ਸਾਡਾ ਭਰੋਸਾ ਹੈ ਕਿ ਇੱਕ ਸੁਪਰ–ਪਾਵਰ ਹੈ ਤੇ ਮੈਂ ਇਸ ਵਿੱਚ ਬਚਪਨ ਤੋਂ ਯਕੀਨ ਕੀਤਾ ਹੈ।’
ਰੱਖਿਆ ਮੰਤਰੀ ਨੇ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੀਆਂ ਮਾਨਤਾਵਾਂ ਮੁਤਾਬਕ ਪ੍ਰਾਰਥਨਾ ਕਰਨ ਦਾ ਅਧਿਕਾਰ ਹੈ। ਜੇ ਕਿਸੇ ਹੋਰ ਨੇ ਵੀ ਇੰਝ ਕੀਤਾ ਹੁੰਦਾ, ਤਾਂ ਮੈਨੂੰ ਇਤਰਾਜ਼ ਨਾ ਹੁੰਦਾ। ਮੈਨੂੰ ਲੱਗਦਾ ਹੈ ਕਿ ਕਾਂਗਰਸ ’ਚ ਵੀ ਇਸ ਮੁੱਦੇ ’ਤੇ ਮਤਭੇਦ ਰਿਹਾ ਹੋਵੇਗਾ।
ਸ੍ਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਰਾਫ਼ੇਲ ਜੰਗੀ ਹਵਾਈ ਜਹਾਜ਼ ਅਗਲੇ ਵਰ੍ਹੇ ਅਪ੍ਰੈਲ ਜਾਂ ਮਈ ਤੱਕ ਭਾਰਤ ਆ ਜਾਣਗੇ। ਉਹ ਜੈੱਟ ਹਵਾਈ ਜਹਾਜ਼ 1,800 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੱਕ ਉਡਾਣਾਂ ਭਰਨ ਦੇ ਸਮਰੱਥ ਹਨ। ਮੈਂ 1,300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਰਾਫ਼ੇਲ ਹਵਾਈ ਜਹਾਜ਼ ਵਿੱਚ ਉਡਾਣ ਭਰੀ ਸੀ। ਇਸ ਜੈੱਟ ਜਹਾਜ਼ ਨੂੰ ਹਾਸਲ ਕਰਨ ਦਾ ਸਿਹਰਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ।
ਇਸ ਤੋਂ ਪਹਿਲਾਂ ਸ੍ਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਸੀ ਕਿ ਫ਼ਰਾਂਸ ਦੀ ਉਨ੍ਹਾਂ ਦੀ ਯਾਤਰਾ ਬਹੁਤ ਸਾਰਥਕ ਰਹੀ ਤੇ ਇਸ ਨਾਲ ਭਾਰਤ ਅਤੇ ਫ਼ਰਾਂਸ ਦੇ ਦੁਵੱਲੇ ਰੱਖਿਆ ਸਬੰਧ ਹੋਰ ਵੀ ਮਜ਼ਬੂਤ ਹੋਣਗੇ।
ਸ੍ਰੀ ਰਾਜਨਾਥ ਸਿੰਘ ਨੇ ਆਪਣੇ ਵਤਨ ਭਾਰਤ ਪਰਤਣ ਤੋਂ ਪਹਿਲਾ ਫ਼ਰਾਂਸ ਦੀਆਂ ਕੰਪਨੀਆਂ ਨੂੰ ਰੱਖਿਆ ਉਪਕਰਨਾਂ ਦਾ ਨਿਰਮਾਣ ਕਰਨ ਲਈ ਭਾਰਤ ਨੂੰ ਆਪਣਾ ਟਿਕਾਣਾ ਬਣਾਉਣ ਦਾ ਸੱਦਾ ਵੀ ਦਿੱਤਾ।