ਦੇਹਰਾਦੂਨ ਦੇ ਸਹਿਸਪੁਰ ਥਾਣਾ ਖੇਤਰ ਦੇ ਇੱਕ ਬੋਰਡਿੰਗ ਸਕੂਲ ਚ 10ਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਨੇ ਨਾਲ ਪੜ੍ਹਨ ਵਾਲੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ। ਪੀੜਤ ਵਿਦਿਆਰਥਣ ਜਦੋਂ ਗਰਭਵਤੀ ਹੋ ਗਈ ਤਾਂ ਸਕੂਲ ਪ੍ਰਸ਼ਾਸਨ ਮਾਮਲੇ ਨੂੰ ਰਫਾ ਦਫਾ ਕਰਨ ਚ ਲੱਗ ਗਿਆ। ਵਿਦਿਆਰਥਣ ਦੇ ਪਰਿਵਾਰ ਨੂੰ ਪਤਾ ਲੱਗਣ ਤੇ ਪੁਲਿਸ ਹਰਕਤ ਚ ਆਈ। ਸ਼ੁਰੂਆਤੀ ਜਾਂਚ ਵਿਚ ਪੁਲਿਸ ਨੇ ਸੋਮਵਾਰ ਨੂੰ ਸਕੂਲ ਦੀ ਮਾਲਕ, ਪ੍ਰਿੰਸੀਪਲ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਚਾਰਾਂ ਦੋਸ਼ੀ ਵਿਦਿਆਰਥੀਆਂ ਨੂੰ ਵੀ ਹਿਰਾਸਤ ਚ ਲੈ ਲਿਆ। ਪੀੜਤ ਲੜਕੀ ਦੇ ਪਿਤਾ ਦੀ ਸਿ਼ਕਾਇਤ ਤੇ ਪੁਲਿਸ ਨੇ ਮਾਮਲਾ ਦਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ 14 ਅਗਸਤ ਨੂੰ ਪੀੜਤ ਲੜਕੀ ਨੂੰ ਉਸਦੀ ਜਮਾਤ ਦੇ ਇੱਕ ਵਿਦਿਆਰਥੀ ਨੇ ਉਸਨੂੰ ਬਹਾਨੇ ਸਿਰ ਇਮਾਰਤ ਦੇ ਪਿੱਛੇ ਸੁੰਨਸਾਨ ਥਾਂ ਬੁਲਾਇਆ ਜਿੱਥੇ ਚਾਰਾਂ ਵਿਦਿਆਰਥੀਆਂ ਨੇ ਮਿਲ ਕੇ ਉਕਤ ਵਿਦਿਆਰਥਣ ਨਾਲ ਬਲਾਤਕਾਰ ਕੀਤਾ। ਪੀੜਤ ਮੁਤਾਬਕ ਇਨ੍ਹਾਂ ਚਾਰਾਂ ਦੋਸ਼ੀਆਂ ਨੇ ਘਟਨਾ ਬਾਰੇ ਕਿਸੇ ਨੂੰ ਵੀ ਦੱਸਣ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਬਾਅਦ ਜਦੋਂ ਵਿਦਿਆਰਥਣ ਆਪਣੇ ਹਾਸਟਲ ਪੁੱਜੀ ਤਾਂ ਉਸਨੇ ਹੋਸਟਲ ਚ ਲੜਕੀਆਂ ਦੀ ਦੇਖਭਾਲ ਕਰਨ ਵਾਲੀ ਇੱਕ ਔਰਤ ਨੂੰ ਹੱਡਬੀਤੀ ਸੁਣਾਈ।
Uttarakhand: A class-10 student of a Dehradun school was allegedly gang-raped in school last month. ADG Law & Order says 'It's a month-old incident&has come to light only now. School had tried to hide the matter. All 9 accused - 5 staff&4 students arrested. Action will be taken.' pic.twitter.com/BJJQGi7sDF
— ANI (@ANI) September 18, 2018
ਦੇਖਭਾਲ ਕਰਮਚਾਰੀ ਇਸ ਔਰਤ ਨੇ ਸਕੂਲ ਦੇ ਪ੍ਰਸ਼ਾਸਨਿਕ ਅਧਿਕਾਰੀ ਦੀ ਪਤਨੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪ੍ਰਸ਼ਾਸਨਿਕ ਅਧਿਕਾਰੀ ਦੀ ਪਤਨੀ ਨੇ ਆਪਣੇ ਪਤੀ ਨੂੰ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਪ੍ਰਿੰਸੀਪਲ ਅਤੇ ਸਕੂਲ ਮਾਲਕ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਾਰਿਆਂ ਨੇ ਵਿਦਿਆਰਥਣ ਨੂੰ ਧਮਕਾਇਆ ਤੇ ਕਿਹਾ ਕਿ ਉਹ ਇਹ ਘਟਨਾ ਬਾਰੇ ਕਿਸੇ ਨਾਲ ਵੀ ਜਿ਼ਕਰ ਨਾ ਕਰੇ, ਨਹੀਂ ਤਾਂ ਉਸਨੂੰ ਸਕੂਲ ਤੋਂ ਕੱਢ ਦਿੱਤਾ ਜਾਵੇਗਾ ਜਿਸ ਦੇ ਡਰ ਕਾਰਨ ਵਿਦਿਆਰਥਣ ਨੇ ਚੁੱਪੀ ਵੱਟ ਲਈ।
ਕੁੱਝ ਦਿਨਾਂ ਮਗਰੋਂ ਪੀੜਤ ਲੜਕੀ ਨੇ ਗਰਭਵਤੀ ਹੋਣ ਦੀ ਖ਼ਬਰ ਸਕੂਲ ਪ੍ਰਸ਼ਾਸਨ ਨੂੰ ਦਿੱਤੀ ਤਾਂ ਸਕੂਲ ਪ੍ਰਸ਼ਾਸਨ ਪੀੜਤ ਲੜਕੀ ਨੂੰ ਦੇਹਰਾਦੂਨ ਦੇ ਇੱਕ ਹਸਪਤਾਲ ਚ ਗਰਭਪਾਤ ਲਈ ਲੈ ਗਿਆ। ਜਿਸ ਤੋਂ ਬਾਅਦ ਪੀੜਤ ਲੜਕੀ ਨੇ ਮਾਮਲੇ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ।
ਜਿਸ ਬਾਅਦ ਪੀੜਤ ਪਰਿਵਾਰ ਦੀ ਸਿ਼ਕਾਇਤ ਮਗਰੋਂ ਪੁਲਿਸ ਨੇ ਮਾਮਲੇ ਦੀ ਜਾਂਚ ਮਗਰੋਂ ਸੋਮਵਾਰ ਨੂੰ ਸਕੂਲ ਦੇ ਮਾਲਕ ਲਤਾ ਗੁਪਤਾ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਪ੍ਰਸ਼ਾਨਿਕ ਅਧਿਕਾਰੀ ਦੀਪਕ, ਪ੍ਰਸ਼ਾਨਿਕ ਅਧਿਕਾਰੀ ਦੀ ਪਤਨੀ ਤੰਨੂ ਅਤੇ ਹੋਸਟਲ ਚ ਲੜਕੀਆਂ ਦੀ ਦੇਖਭਾਲ ਕਰਨ ਵਾਲੀ ਔਰਤ ਮੰਜੂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਬਲਾਤਕਾਰ ਦੇ ਚਾਰੇ ਦੋਸ਼ੀ ਵਿਦਿਆਰਥੀਆਂ ਨੂੰ ਹਿਰਾਸਤ ਚ ਲੈ ਕੇ ਬਲਾਤਕਾਰ, ਪੋਕਸੋ ਐਕਟ, ਗਵਾਹ ਲੁਕਾਉਣ ਦਾ ਮਾਮਲਾ ਦਰਜ ਕਰ ਲਿਆ ਹੈ।
ਸਹਿਸਪੁਰ ਥਾਣੇ ਦੇ ਐਸਓ ਨਰੇਸ਼ ਰਾਠੌਰ ਨੇ ਦੱਸਿਆ ਕਿ ਨਾਬਾਲਿਗਾਂ ਨੂੰ ਬਾਲ ਅਦਾਲਤ ਅਤੇ ਹੋਰਨਾਂ ਦੋਸ਼ੀਆਂ ਨੂੰ ਮੰਗਲਵਾਰ ਨੂੰ ਜੱਜ ਸਾਹਮਣੇ ਪੇਸ਼ ਕੀਤਾ ਜਾਵੇਗਾ। ਪੀੜਤ ਲੜਕੀ ਦਾ ਮੈਡੀਕਲ ਕਰਾ ਦਿੱਤਾ ਗਿਆ ਹੈ। ਮੰਗਲਵਾਰ ਨੂੰ ਮੈਜੀਸਟਰੇਟ ਸਾਹਮਣੇ ਪੀੜਤ ਲੜਕੀ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਪੂਰੀ ਕੀਤੀ ਜਾਵੇਗੀ।