ਤੀਸ ਹਜ਼ਾਰੀ ਕੋਰਟ ਕੰਪਲੈਕਸ ਅੰਦਰ ਹੋਈ ਹਿੰਸਾ ਦੇ ਵਿਰੋਧ ਵਿੱਚ ਵਕੀਲਾਂ ਦੀ ਹੜਤਾਲ ਅੱਜ ਵੀਜਾਰੀ ਰਹੇਗੀ। ਅੱਜ ਵੀ ਹੰਗਾਮੇ ਦੇ ਆਸਾਰ ਬਣੇ ਹੋਏ ਹਨ। ਕੱਲ੍ਹ ਵਕੀਲਾਂ ਨੇ ਰੋਹਿਣੀ, ਸਾਕੇਤ, ਪਟਿਆਲਾ ਕੋਰਟ ਸਮੇਤ ਕਈ ਅਦਾਲਤਾਂ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ।
ਰੋਹਿਣੀ ਕੋਰਟ ਵਿੱਚ ਦੋ ਵਕੀਲਾਂ ਨੇ ਤਾਂ ਖ਼ੁਦ ਉੱਤੇ ਪੈਟਰੋਲ ਸੁੱਟ ਕੇ ਅਤੇ ਇਮਾਰਤ ’ਤੇ ਚੜ੍ਹ ਕੇ ਖ਼ੁਦਕੁਸ਼ੀ ਕਰਨ ਤੱਕ ਦੇ ਜਤਨ ਕੀਤੇ ਸਨ। ਹਿੰਸਾ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਕੱਲ੍ਹ ਕਿਹਾ ਸੀ ਕਿ ਗ੍ਰਹਿਹ ਮੰਤਰਾਲੇ ਦੇ ਸਪੱਸ਼ਟੀਕਰਨ ਦੀ ਮੰਗ ਵਾਲੀ ਅਰਜ਼ੀ ਦਾ ਨਿਬੇੜਾ ਕਰ ਦਿੱਤਾ ਗਿਆ।
ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਨੇ ਆਪਣੇ ਹੁਕਮ ’ਚ ਕਿਹਾ ਕਿ ਦਿੱਲੀ ਹਾਈ ਕੋਰਟ ਵੱਲੋਂ ਬਣਾਈ ਗਈ ਕਮੇਟੀ ਹੀ ਮਾਮਲੇ ਦੀ ਜਾਂਚ ਜਾਰੀ ਰੱਖੇਗੀ। ਅਦਾਲਤ ਨੇ ਕਿਹਾ ਕਿ ਮੀਡੀਆ ਰਿਪੋਰਟਿੰਗ ਉੱਤੇ ਕੋਈ ਰੋਕ ਨਹੀਂ ਲੱਗੇਗੀ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਉਸ ਨੇ ਐਤਵਾਰ ਦੇ ਹੁਕਮ ਵਿੱਚ ਆਖਿਆ ਸੀ ਕਿ ਕੇਵਲ ਦੋ ਮੁਕੱਦਮੇ ਜੋ ਉਸ ਦਿਨ ਤੱਕ ਦਰਜ ਹੋਏ ਹਨ, ਉਸ ਬਾਰੇ ਕਾਰਵਾਈ ਨਹੀਂ ਹੋਵੇਗੀ।
ਉਸ ਤੋਂ ਬਾਅਦ ਜੇ ਕੋਈ FIR ਦਰਜ ਹੋਈ ਹੈ, ਤਾਂ ਉਸ ਉੱਤੇ ਦਿੱਲੀ ਪੁਲਿਸ ਕਾਰਵਾਈ ਕਰ ਸਕਦੀ ਹੈ।
ਦਿੱਲੀ ਪੁਲਿਸ ਵਿਰੁੱਧ ਵਕੀਲਾਂ ਦਾ ਪ੍ਰਦਰਸ਼ਨ ਰੁਕ ਨਹੀਂ ਰਿਹਾ। ਬਾਰ ਕੌਂਸਲ ਆੱਫ਼ ਇੰਡੀਆ ਦੇ ਮਨਾ ਕਰਨ ਦੇ ਬਾਵਜੂਦ ਵਕੀਲ ਹੜਤਾਲ ਉੱਤੇ ਅੜੇ ਹੋਏ ਹਨ। ਕੋਈ ਵੀ ਧਿਰ ਕਦਮ ਪਿਛਾਂਹ ਖਿੱਚਣ ਨੂੰ ਤਿਆਰ ਨਹੀਂ। ਹੁਣ ਬਾਰ ਕੌਂਸਲ ਆਖ ਰਹੀ ਹੈ ਕਿ ਇਹ ਹੜਤਾਲ ਨਹੀਂ, ਸ਼ਾਂਤੀਪੂਰਨ ਪ੍ਰਦਰਸ਼ਨ ਹੈ।