ਦਿੱਲੀ ਪੁਲਿਸ ਕਾਰਨ ਝਗੜੇ ਤੇ ਵਿਵਾਦ ਪਿੱਛੋਂ ਹੜਤਾਲ ’ਤੇ ਗਏ ਵਕੀਲਾਂ ਨੇ ਸੋਮਵਾਰ ਨੂੰ ਕੰਮ ’ਤੇ ਪਰਤਣ ਦਾ ਫ਼ੈਸਲਾ ਕੀਤਾ ਹੈ। ਸ਼ੁੱਕਰਵਾਰ ਸ਼ਾਮੀਂ ਬਾਰ ਕੌਂਸਲ ਦੇ ਚੇਅਰਮੈਨ ਨੇ ਕਿਹਾ ਕਿ 3 ਨਵੰਬਰ ਤੋਂ ਚੱਲ ਰਹੀ ਹੜਤਾਲ ਖ਼ਤਮ ਕਰ ਕੇ ਵਕੀਲ ਹੁਣ ਸੋਮਵਾਰ 11 ਨਵੰਬਰ ਤੋਂ ਕੰਮ ਉੱਤੇ ਪਰਤਣਗੇ।
ਬਾਰ ਕੌਂਸਲ ਆੱਫ਼ ਇੰਡੀਆ ਅਤੇ ਬਾਰ ਕੌਂਸਲ ਆੱਫ਼ ਦਿੱਲੀ ਦੇ ਸੱਦੇ ’ਤੇ ਦਿੱਲੀ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਨੇ ਵਕੀਲਾਂ ਦੀ ਹੜਤਾਲ ਖ਼ਤਮ ਕਰ ਦਿੱਤੀ ਹੈ। BCI ਨਾਲ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ।
ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਪੁਲਿਸ ਤੇ ਵਕੀਲਾਂ ਵਿਚਾਲੇ ਚੱਲ ਰਿਹਾ ਰੇੜਕਾ ਸੁਲਝਾਉਣ ਲਈ ਵਧੀਆ ਅਧਿਕਾਰੀਆਂ ਦੀ ਮਦਦ ਲਈ ਜਾਣੀ ਚਾਹੀਦੀ ਹੈ। ਪਿੱਛੇ ਜਿਹੇ ਤੀਸ ਹਜ਼ਾਰੀ ਕੋਰਟ ’ਚ ਪੁਲਿਸ ਮੁਲਾਜ਼ਮਾਂ ਤੇ ਵਕੀਲਾਂ ਵਿਚਾਲੇ ਝੜਪ ਹੋ ਗਈ ਸੀ।
ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਅਗਲੇ ਵਰ੍ਹੇ 12 ਫ਼ਰਵਰੀ ਤੱਕ ਟਾਲ਼ ਦਿੱਤੀ ਹੈ। ਹਾਈ ਕੋਰਟ ਦਾ ਫ਼ੈਸਲਾ ਇੱਕ ਵਕੀਲ ਵੱਲੋਂ ਦਾਇਰ ਪਟੀਸ਼ਨ ਉੱਤੇ ਆਇਆ ਹੈ; ਜਿਸ ਵਿੱਚ ਕੁਝ ਪੁਲਿਸ ਅਧਿਕਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਚੀਫ਼ ਜਸਟਿਸ ਡੀ.ਐੱਨ. ਪਟੇਲ ਤੇ ਜਸਟਿਸ ਸੀ. ਹਰੀਸ਼ੰਕਰ ਦੀ ਪ੍ਰਧਾਨਗੀ ਹੇਠਲੇ ਡਿਵੀਜ਼ਨ ਬੈਂਚ ਦੇ ਵਕੀਲ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ। ਪਟੀਸ਼ਨ ’ਚ ਦਿੱਲੀ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ; ਜਿਨ੍ਹਾਂ ਨੇ ਪੰਜ ਨਵੰਬਰ ਨੂੰ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਭਾਗ ਲਿਆ ਸੀ।