ਅੱਜ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਅਤੇ ਸਾਰੀਆਂ ਹੇਠਲੀਆਂ ਅਦਾਲਤਾਂ ਦੇ ਵਕੀਲ ਹੜਤਾਲ ’ਤੇ ਰਹਿਣਗੇ। ਹੜਤਾਲ ਦਾ ਇਹ ਸੱਦਾ ਤੀਸ ਹਜ਼ਾਰੀ ਅਦਾਲਤੀ ਕੈਂਪਸ ਅੰਦਰ ਸਨਿੱਚਰਵਾਰ ਨੂੰ ਪੁਲਿਸ ਵੱਲੋਂ ਕੀਤੀ ਗਈ ਵਕੀਲਾਂ ਦੀ ਕਥਿਤ ਕੁੱਟਮਾਰ ਵਿਰੁੱਧ ਦਿੱਤਾ ਗਿਆ ਹੈ। ਇਸ ਹੜਤਾਲ ਨੂੰ ਬਾਰ ਐਸੋਸੀਏਸ਼ਨ ਦਾ ਪੂਰਾ ਸਮਰਥਨ ਹੈ।
ਲੰਘੇ ਸਨਿੱਚਰਵਾਰ ਨੂੰ ਪਾਰਕਿੰਗ ਦੇ ਮਾਮੂਲੀ ਝਗੜੇ ਨੇ ਹਿੰਸਕ ਝੜਪਾਂ ਦਾ ਰੂਪ ਅਖ਼ਤਿਆਰ ਕਰ ਲਿਆ ਸੀ। ਪੁਲਿਸ ਤੇ ਵਕੀਲਾਂ ਵਿਚਾਲੇ ਟੱਕਰ ਸ਼ੁਰੂ ਹੋ ਗਈ ਸੀ; ਜਿਸ ਵਿੱਚ 50 ਵਿਅਕਤੀ ਜ਼ਖ਼ਮੀ ਹੋ ਗਏ ਸਨ। ਦੋ ਵਕੀਲਾਂ ਦੇ ਗੋਲੀਆਂ ਵੀ ਲੱਗੀਆਂ ਸਨ। ਇਸ ਹਿੰਸਾ ’ਚ ਕਈ ਵਾਹਨ ਵੀ ਸਾੜ ਦਿੱਤੇ ਗਏ ਸਨ।
ਹਾਈ ਕੋਰਟ ਨੇ ਤੀਸ ਹਜ਼ਾਰ ਕੋਰਟ ’ਚ ਪਾਰਕਿੰਗ ਨੂੰ ਲੈ ਕੇ ਪੁਲਿਸ ਅਤੇ ਵਕੀਲਾਂ ਵਿਚਾਲੇ ਹੋਈ ਹਿੰਸਕ ਝੜਪ ਦੇ ਇਸ ਮਾਮਲੇ ’ਚ ਐਤਵਾਰ ਨੂੰ ਆਪੇ ਨੋਟਿਸ ਲੈਂਦਿਆਂ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਐੱਸਪੀ ਗਰਗ ਇਸ ਸਾਰੇ ਮਾਮਲੇ ਦੀ ਜਾਂਚ ਕਰਨਗੇ ਤੇ ਉਹ ਛੇ ਹਫ਼ਤਿਆਂ ਦੇ ਅੰਦਰ ਜਾਂਚ ਮੁਕੰਮਲ ਕਰ ਕੇ ਰਿਪੋਰਟ ਸੌਂਪਣਗੇ।
ਚੀਫ਼ ਜਸਟਿਸ ਡੀਐੱਨ ਪਟੇਲ ਤੇ ਜਸਟਿਸ ਸੀ. ਹਰੀ ਸ਼ੰਕਰ ਦੇ ਬੈਂਚ ਨੇ ਛੁੱਟੀ ਵਾਲੇ ਦਿਨ ਹੀ ਘਟਨਾ ’ਤੇ ਵਿਸ਼ੇਸ਼ ਸੁਣਵਾਈ ਕਰਦਿਆਂ ਇਹ ਹੁਕਮ ਸੁਣਾਇਆ।
ਬੈਂਚ ਨੇ ਸੀਬੀਆਈ ਤੇ ਆਈਬੀ ਦੇ ਡਾਇਰੈਕਟਰ, ਚੌਕਸੀ ਵਿਭਾਗ ਦੇ ਡਾਇਰੈਕਟਰ ਜਾਂ ਸੀਨੀਅਰ ਅਧਿਕਾਰੀ ਨੂੰ ਨਿਆਂਇਕ ਜਾਂਚ ਵਿੱਚ ਸਹਿਯੋਗ ਦਾ ਹੁਕਮ ਵੀ ਦਿੱਤਾ ਹੈ।
ਹਾਈ ਕੋਰਟ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਵਕੀਲਾਂ ਵਿਰੁੱਧ ਤਾਕਤ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦਿੱਲੀ ਪੁਲਿਸ ਕਮਿਸ਼ਨਰ ਨੂੰ ਜ਼ਖ਼ਮੀ ਵਕੀਲਾਂ ਦੇ ਬਿਆਨ ਦਰਜ ਕਰਨ, ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਤੇ ਮਾਮਲੇ ਦੀ ਅੰਦਰੂਨੀ ਜਾਂਚ ਲਈ ਨਿਰਪੱਖ ਕਮਿਸ਼ਨ ਦਾ ਗਠਨ ਕਰਨ ਦੀ ਹਦਾਇਤ ਜਾਰੀ ਕੀਤੀ ਹੈ।