ਸ਼੍ਰੋਮਣੀ ਅਕਾਲੀ ਦਲ (SAD) ਨੇ ਬੁੱਧਵਾਰ 29 ਜਨਵਰੀ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਮਾਇਤ ਕਰੇਗੀ। ਇਸ ਐਲਾਨ ਦੇ ਨਾਲ ਦਿੱਲੀ ਚੋਣਾਂ ਚ ਕੌਮੀ ਲੋਕਤੰਤਰੀ ਗਠਜੋੜ (ਐਨਡੀਏ) ਹੋਰ ਮਜ਼ਬੂਤ ਹੋ ਗਿਆ ਹੈ।


ਨਿਊਜ਼ ਏਜੰਸੀ ਏ.ਐੱਨ.ਆਈ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਵਾਲੇ ਨਾਲ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਸਿਰਫ ਰਾਜਨੀਤੀ ਕਰਕੇ ਹੋਇਆ ਹੈ।
ਉਨ੍ਹਾਂ ਕਿਹਾ, "ਇਹ ਸਿਰਫ ਰਾਜਨੀਤਿਕ ਗੱਠਜੋੜ ਨਹੀਂ ਹੈ। ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਤੇ ਇਹ ਦੇਸ਼ ਅਤੇ ਪੰਜਾਬ ਦੇ ਚੰਗੇ, ਭਵਿੱਖ ਅਤੇ ਸ਼ਾਂਤੀ ਲਈ ਹੈ। ਸਾਡੇ ਵਿਚਕਾਰ ਕੁਝ ਗਲਤਫਹਿਮੀਆਂ ਸਨ, ਜੋ ਹੁਣ ਦੂਰ ਹੋ ਗਈਆਂ ਹਨ।"
ਸੁਖਬੀਰ ਸਿੰਘ ਬਾਦਲ ਨੇ ਕਿਹਾ, "ਅਸੀਂ ਕਦੇ ਵੀ ਗੱਠਜੋੜ ਨਹੀਂ ਤੋੜਿਆ, ਅਸੀਂ ਬੱਸ ਵੱਖਰੇ ਤੌਰ 'ਤੇ ਦਿੱਲੀ ਚੋਣਾਂ ਚ ਦਾਖਲ ਹੋਣ ਦਾ ਫੈਸਲਾ ਲਿਆ ਹੈ। ਅਸੀਂ ਸ਼ੁਰੂ ਤੋਂ ਹੀ ਸਿਟੀਜ਼ਨਸ਼ਿਪ ਸੋਧ ਐਕਟ ਦਾ ਸਮਰਥਨ ਕਰਦੇ ਆ ਰਹੇ ਹਾਂ। ਪਾਕਿਸਤਾਨ ਅਤੇ ਅਫਗਾਨਿਸਤਾਨ ਚ ਪੀੜ੍ਹਤ ਸਿੱਖਾਂ ਨੂੰ ਨਾਗਰਿਕਤਾ ਦਿੱਤੀ ਜਾਵੇ, ਅਸੀਂ ਇਸ ਸਬੰਧੀ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਕੋਲ ਗਏ ਸਨ।”
ਦਿੱਲੀ ਦੀਆਂ ਕਈ ਸਿੱਖ ਦਬਦਬੇ ਵਾਲੀਆਂ ਸੀਟਾਂ ਹਨ ਜਿਵੇਂ ਕਾਲਕਾਜੀ, ਤਿਲਕ ਨਗਰ, ਹਰੀ ਨਗਰ ਅਤੇ ਰਾਜੌਰੀ ਗਾਰਡਨ, ਜਿਥੇ ਅਕਾਲੀ ਦਲ ਦਾ ਪ੍ਰਭਾਵ ਹੈ। ਅਕਾਲੀ ਆਗੂ ਸਿਰਸਾ ਨੇ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ 2017 ਦੀ ਉਪ ਚੋਣ ਭਾਜਪਾ ਦੀ ਟਿਕਟ 'ਤੇ ਲੜੀ ਅਤੇ ਜਿੱਤੀ।
ਸ਼੍ਰੋਮਣੀ ਅਕਾਲੀ ਦਲ ਨੇ ਸੀ.ਏ.ਏ. ਤੋਂ ਕੀਤਾ ਸੀ ਕਿਨਾਰਾ
ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਦੀ ਆਖ਼ਰੀ ਤਰੀਕ ਤੋਂ ਇਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਭਾਈਵਾਲ ਭਾਜਪਾ ਵੱਲੋਂ ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀ.ਏ.ਏ.) 'ਤੇ ਆਪਣਾ ਪੱਖ ਬਦਲਣ ਲਈ ਕਹੇ ਜਾਣ ਤੋਂ ਬਾਅਦ ਅਗਲੇ ਮਹੀਨੇ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਚ ਉਹ ਨਹੀਂ ਲੜੇਗੀ।
ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਪ੍ਰੈਸ ਕਾਨਫਰੰਸ ਚ ਕਿਹਾ ਕਿ ਭਾਜਪਾ ਨਾਲ ਚੋਣਾਂ ਨਾਲ ਸਬੰਧਤ ਤਿੰਨ ਮੀਟਿੰਗਾਂ ਚ ਉਨ੍ਹਾਂ ਦੀ ਪਾਰਟੀ ਨੂੰ ਸੀਏਏ ‘ਤੇ ਆਪਣੇ ਸਟੈਂਡ ਬਾਰੇ ਵਿਚਾਰ ਕਰਨ ਲਈ ਕਿਹਾ ਗਿਆ ਸੀ।
ਸਿਰਸਾ ਨੇ ਕਿਹਾ ਸੀ, "ਭਾਜਪਾ ਨਾਲ ਸਾਡੀ ਮੁਲਾਕਾਤ ਚ ਸਾਨੂੰ ਸੀਏਏ ਦੇ ਸਟੈਂਡ ਉੱਤੇ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਸੀ, ਪਰ ਅਸੀਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦਾ ਵਿਚਾਰ ਹੈ ਕਿ ਮੁਸਲਮਾਨਾਂ ਨੂੰ ਸੀਏਏ ਤੋਂ ਵੱਖ ਨਹੀਂ ਰੱਖਿਆ ਜਾ ਸਕਦਾ।”
ਉਨ੍ਹਾਂ ਕਿਹਾ, “ਅਸੀਂ ਕੌਮੀ ਰਜਿਸਟਰ ਆਫ਼ ਸਿਟੀਜ਼ਨ (ਐਨਆਰਸੀ) ਦੇ ਵੀ ਸਖ਼ਤ ਵਿਰੁੱਧ ਹਾਂ।”