ਭਾਰਤੀ ਜਨਤਾ ਪਾਰਟੀ ਦੇ ਹਰੀਨਗਰ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਤੇਜਿੰਦਰ ਪਾਲ ਸਿੰਘ ਬੱਗਾ ਨੇ ਕਿਹਾ ਉਨ੍ਹਾਂ ਨੇ ਆਪਣਾ ਨੈਸ਼ਨਲ ਡਿਵੈਲਪਮੈਂਟ ਕੋਰਸ ਚੀਨ ਦੀ ਨੈਸ਼ਨਲ ਡਿਫ਼ੈਂਸ ਯੂਨੀਵਰਸਿਟੀ ਤੋਂ ਨਹੀਂ, ਸਗੋਂ ਤਾਇਵਾਨ ਤੋਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸ ਕੋਰਸ ਵਿੱਚ 18 ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਸੀ।
ਦਿੱਲੀ ਭਾਜਪਾ ਦੇ ਬੁਲਾਰੇ ਸ੍ਰੀ ਬੱਗਾ ਨੂੰ ਇਹ ਸਪੱਸ਼ਟੀਕਰਣ ਇਸ ਲਈ ਦੇਣਾ ਪਿਆ ਕਿਉਂਕਿ ਉਹ ਚੀਨ ਦੀ ਐਨਡੀਯੂ ਤੋਂ ਨੈਸ਼ਨਲ ਡਿਵੈਲਪਮੈਂਟ ਕੋਰਸ ਦਾ ਡਿਪਲੋਮਾ ਕਰਨ ਬਾਰੇ ਆਪਣੀ ਇੱਕ ਪੋਸਟ ’ਤੇ ਲੋਕਾਂ ਵੱਲੋਂ ਟ੍ਰੋਲ ਹੋ ਗਏ ਸਨ।
ਚੋਣਾਂ ਨਾਲ ਸਬੰਧਤ ਆਪਣੇ ਹਲਫ਼ੀਆ ਬਿਆਨ ’ਚ ਉਨ੍ਹਾਂ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਸਾਲ 2017 ਦੌਰਾਨ NDU ਰੀਪਬਲਿਕ ਆੱਫ਼ ਚਾਈਨਾ, ਤਾਇਵਾਨ ਤੋਂ ਨੈਸ਼ਨਲ ਡਿਵੈਲਪਮੈਂਟ ਕੋਰਸ ਵਿੱਚ ਡਿਪਲੋਮਾ ਕੀਤਾ ਹੈ।
ਹੁਣ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਸ੍ਰੀ ਬੱਗਾ ਨੇ ਦੱਸਿਆ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਡਿਪਲੋਮੇ ਉੱਤੇ ਸੁਆਲ ਕਰਨ ਵਾਲੇ ਪੜ੍ਹੇ–ਲਿਖੇ ਵੀ ਹਨ ਕਿ ਨਹੀਂ। ਉਹ ਚੀਨ ਤੇ ਤਾਇਵਾਨ ਵਿਚਾਲੇ ਫ਼ਰਕ ਨਹੀਂ ਕਰਦੇ, ਜੋ ਸਦਾ ਇੱਕ–ਦੂਜੇਦੇ ਵਿਰੁੱਧ ਰਹਿੰਦੇ ਹਨ। ਡਿਪਲੋਮਾ ਬਾਰੇ ਸਪੱਸ਼ਟ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਇਹ ਇੱਕ ਮਹੀਨੇ ਦਾ ਕੋਰਸ ਸੀ। ਮੈਨੂੰ ਤਾਇਵਾਨ ਸਰਕਾਰ ਤੋਂ ਨਾਮਜ਼ਦਗੀ ਲਈ ਸੱਦਾ ਮਿਲਿਆ ਸੀ।
ਮੈਂ ਕੋਰਸ ਪੂਰਾ ਕਰਨ ਲਈ ਦਸੰਬਰ 2017 ’ਚ ਇੱਕ ਮਹੀਨੇ ਲਈ ਉੱਥੇ ਗਿਆ ਸਾਂ। ਉਸ ਕੋਰਸ ਦੇ ਸਿਲੇਬਸ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਵਿਦੇਸ਼ੀ ਸਬੰਧਾਂ ਤੇ ਦੁਨੀਆ ਤਾਇਵਾਨ ਨੂੰ ਸਮਰਥਨ ਕਿਉਂ ਦੇਵੇ ਜਿਹੇ ਮੁੱਦਿਆਂ ਉੱਤੇ ਕੇਂਦ੍ਰਿਤ ਸੀ। NDU ਦੀ ਵੈੱਬਸਾਈਟ ਮੁਤਾਬਕ ਇਸ ਨੂੰ 1906 ’ਚ ਸਥਾਪਤ ਕੀਤਾ ਗਿਆ ਸੀ। ਇਸ ਦੇ ਇੱਕ ਸਦੀ ਤੋਂ ਵੱਧ ਦੇ ਇਤਿਹਾਸ ਦੌਰਾਨ NDU ਦਾ ਨਾਂਅ 9 ਵਾਰ ਬਦਲਿਆ ਗਿਆ ਹੈ।
ਸ੍ਰੀ ਬੱਗਾ ਆਪਣੀ ਸਕੂਲ ਦੀ ਪੜ੍ਹਾਈ ਵੀ ਪੂਰੀ ਨਹੀਂ ਕਰ ਸਕੇ ਸਨ। ਉਨ੍ਹਾਂ ਆਪਣੇ ਹਲਫ਼ੀਆ ਬਿਆਨ ’ਚ ਦੱਸਿਆ ਕਿ ਉਹ ਇਗਨੂ ਤੋਂ ਬੈਚਲਰ ਪ੍ਰੈਪਰੇਟਰੀ ਪ੍ਰੋਗਰਾਮ ਕਰ ਰਹੇ ਹਨ। ਇਹ ਪ੍ਰੋਗਰਾਮ ਉਨ੍ਹਾਂ ਲਈ ਹੁੰਦਾ ਹੈ, ਜੋ ਬੀਏ ਤਾਂ ਕਰਨੀ ਚਾਹੁੰਦੇ ਹਨ ਪਰ 12ਵੀਂ ਪਾਸ ਨਹੀਂ ਹੁੰਦੇ।
ਸ੍ਰੀ ਤੇਜਿੰਦਰ ਪਾਲ ਸਿੰਘ ਬੱਗਾ ਦਾ ਮੁਕਾਬਲਾ ਕਾਂਗਰਸ ਦੇ ਸੁਰਿੰਦਰ ਸਿੰਘ ਸੇਤੀਆ ਅਤੇ ਆਮ ਆਦਮੀ ਪਾਰਟੀ ਦੇ ਰਾਜਕੁਮਾਰੀ ਢਿੱਲੋਂ ਨਾਲ ਹੈ। ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਾਂ ਆਉਂਦੀ 8 ਫ਼ਰਵਰੀ ਨੂੰ ਪੈਣੀਆਂ ਹਨ ਤੇ ਵੋਟਾਂ ਦੀ ਗਿਣਤੀ 11 ਫ਼ਰਵਰੀ ਨੂੰ ਹੋਵੇਗੀ।