ਦਿੱਲੀ ਦੀ ਐਡੀਸ਼ਨਲ ਚੀਫ਼ ਮੈਟ੍ਰੋਪਾਲਿਟਨ ਅਦਾਲਤ ਦੁਆਰਾ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖ ਅਰਵਿੰਦ ਕੇਜਰੀਵਾਲ ਸਮੇਤ 3 ਹੋਰਨਾਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਰਾਜੀਵ ਬੱਬਰ ਦੁਆਰਾ ਮਾਨਹਾਨੀ ਅਪੀਲ ਚ ਵਿਅਕਤੀਗਤ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ। ਹਾਲਾਂਕਿ ਜੱਜ ਸਮਰ ਵਿਸ਼ਾਲ ਨੇ ਕੇਜਰੀਵਾਲ, ਸੁਸ਼ੀਲ ਕੁਮਾਰ ਗੁਪਤਾ, ਮਨੋਜ ਕੁਮਾਰ ਅਤੇ ਆਮ ਆਦਮੀ ਪਾਰਟੀ ਦੀ ਬੁਲਾਰਨ ਆਤਿਸ਼ੀ ਨੂੰ ਅਗਲੀ ਸੁਣਵਾਈ ਲਈ 7 ਜੂਨ ਨੂੰ ਅਦਾਲਤ ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਰਾਜੀਵ ਬੱਬਰ ਦੁਆਰਾ ਦਾਇਰ ਕੀਤੀ ਗਈ ਉਸ ਅਪੀਲ ਤੇ ਅਦਾਲਤ ਸੁਣਵਾਈ ਕਰ ਰਹੀ ਸੀ ਜਿਸ ਵਿਚ ਰਾਜੀਵ ਨੇ ਕੇਜਰੀਵਾਲ ਅਤੇ ਹੋਰਨਾਂ ਖਿਲਾਫ਼ ਭਾਜਪਾ ਦੀ ਦਿੱਖ ਨੂੰ ਖਰਾਬ ਕਰਨ ਦੇ ਦੋਸ਼ ਚ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਅਪੀਲ ਚ ਕਿਹਾ ਗਿਆ ਸੀ ਕਿ ਕੇਜਰੀਵਾਲ ਤੇ ਹੋਰਨਾਂ ਨੇ ਭਾਜਪਾ ’ਤੇ ਦਿੱਲੀ ਚ ਵੋਟਰ ਸੂਚੀ ਤੋਂ ਵੋਟਰਾਂ ਦੇ ਨਾਂ ਹਟਾਉਣ ਦਾ ਦੋਸ਼ ਲਗਾ ਕੇ ਪਾਰਟੀ ਦੀ ਦਿੱਖ ਖਰਾਬ ਕੀਤੀ ਹੈ।
ਬੱਬਰ ਮੁਤਾਬਕ ਇਨ੍ਹਾਂ ਸਾਰਿਆਂ ਦੋਸ਼ੀਆਂ ਨੇ ਬਾਣੀਏ, ਮੁਸਲਮਾਨਾਂ ਵਰਗੇ ਸਮਾਜ ਦੇ ਕੁੱਝ ਵਰਗਾਂ ਦੇ ਵੋਟਰਾਂ ਸਬੰਧੀ ਭਾਜਪਾ ਦੀ ਇਕ ਮਾੜੀ ਦਿੱਖ ਨੂੰ ਬਣਾ ਕੇ ਇਕੋ ਇਕ ਟੀਚੇ ਦੇ ਨਾਲ ਜਾਣਬੁੱਝ ਕੇ ਭਾਜਪਾ ਖਿਲਾਫ਼ ਦੋਸ਼ ਲਗਾਏ। ਇਸ ਕਾਰਨ ਸ਼ਿਕਾਇਤ ਕਰਤਾ ਦੇ ਮਾਨ ਸਨਮਾਨ ਨੂੰ ਸੱਟ ਵਜੀ ਹੈ। ਬੱਬਰ ਦੇ ਦੋਸ਼ ਲਗਾਇਆ ਕੇਜਰੀਵਾਲ ਨੇ ਨਾ ਸਿਰਫ ਭਾਜਪਾ ਨੂੰ ਬਲਕਿ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਵੀ ਬਦਨਾਮ ਕੀਤਾ।
ਦੱਸ ਦੇਈਏ ਕਿ ਅਦਾਲਤ ਨੇ 15 ਮਾਰਚ ਨੂੰ ਕੇਜਰੀਵਾਲ ਅਤੇ ਹੋਰਨਾਂ ਨੂੰ 30 ਅਪ੍ਰੈਲ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ। ਵਕੀਲ ਮੁਹੰਮਦ ਇਰਸ਼ਾਹ ਨੇ ਅਦਾਲਤ ਤੋਂ ਇਨ੍ਹਾਂ ਸਾਰਿਆਂ ਨੇਤਾਵਾਂ ਨੂੰ ਛੋਟ ਦੇਣ ਦੀ ਅਪੀਲ ਕੀਤੀ ਸੀ ਕਿਉਂਕਿ ਇਹ ਸਾਰੇ ਆਗੂ ਦਿੱਲੀ ਅਤੇ ਹਰਿਆਣਾ ਚ ਸਿਆਸਤੀ ਸਮਾਗਮਾਂ ਚ ਰੁੱਝੇ ਹਨ।
.