16 ਦਸੰਬਰ, 2012 ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਵਾਪਰੇ ਸਮੂਹਕ ਬਲਾਤਕਾਰ ਤੇ ਕਤਲ ਕਾਂਡ (ਜਿਸ ਨੂੰ ਨਿਰਭਯਾ ਕੇਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ) ਦੇ ਇੱਕ ਦੋਸ਼ੀ ਵਿਨੇ ਨੇ ਤਿਹਾੜ ਜੇਲ੍ਹ ’ਚ ਖ਼ੁਦ ਨੂੰ ਜ਼ਖ਼ਮੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਹ ਇੰਕਸ਼ਾਫ਼ ਹੁਣ ਤਿਹਾੜ ਜੇਲ੍ਹ ਦੇ ਪ੍ਰਬੰਧਕਾਂ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ 16 ਜਨਵਰੀ ਨੂੰ ਨਿਰਭਯਾ ਦੇ ਦੋਸ਼ੀ ਵਿਨੇ ਨੇ ਜੇਲ੍ਹ ਦੀ ਕੰਧ ਨਾਲ ਸਿਰ ਮਾਰਿਆ, ਜਿਸ ਕਾਰਨ ਉਹ ਮਾਮੂਲੀ ਰੂਪ ਵਿੱਚ ਜ਼ਖ਼ਮੀ ਹੋ ਗਿਆ। ਵਿਨੇ ਸਮੇਤ ਕੁੱਲ ਚਾਰ ਦੋਸ਼ੀਆਂ ਨੂੰ ਆਉਂਦੀ 3 ਮਾਰਚ ਨੂੰ ਫਾਂਸੀ ਦਿੱਤੀ ਜਾਣੀ ਹੈ।
ਚੇਤੇ ਰਹੇ ਕਿ 16 ਦਸੰਬਰ, 2012 ਨੂੰ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਛੇ ਜਣਿਆਂ ਨੇ ਬਹੁਤ ਵਹਿਸ਼ੀਆਨਾ ਤਰੀਕੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਫਿਰ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਉਸ ਨੂੰ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਉਸ ਦਾ ਬਹੁਤ ਇਲਾਜ ਕੀਤਾ ਗਿਆ ਪਰ ਉਹ ਠੀਕ ਨਹੀਂ ਹੋ ਰਹੀ ਸੀ। ਤਦ ਉਸ ਨੂੰ ਸਿੰਗਾਪੁਰ ਭੇਜਿਆ ਗਿਆ ਸੀ; ਜਿੱਥੇ ਉਹ 29 ਦਸੰਬਰ, 2012 ਨੂੰ ਦਮ ਤੋੜ ਗਈ ਸੀ। ਅਦਾਲਤ ਨੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਇੱਕ ਦੋਸ਼ੀ ਰਾਮ ਸਿੰਘ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਗਿਆ ਸੀ ਤੇ ਇੱਕ ਨਾਬਾਲਗ਼ ਦੋਸ਼ੀ ਨੂੰ ਤਿੰਨ ਸਾਲ ਬਾਲ–ਸੁਧਾਰ ਘਰ ਵਿੱਚ ਰੱਖ ਕੇ ਰਿਹਾਅ ਕਰ ਦਿੱਤਾ ਗਿਆ ਸੀ।