ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ 'ਚ ਦੋਸ਼ੀ ਵਿਨੇ ਸ਼ਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਪੂਰੀ ਹੋ ਗਈ ਹੈ। ਸੁਣਵਾਈ ਤੋਂ ਬਾਅਦ ਅਦਾਲਤ ਨੇ ਇਸ 'ਤੇ ਆਪਣਾ ਫੈਸਲਾ 14 ਫਰਵਰੀ ਸ਼ੁੱਕਰਵਾਰ ਦੁਪਹਿਰ 2 ਵਜੇ ਤਕ ਸੁਰੱਖਿਅਤ ਰੱਖ ਲਿਆ ਹੈ। ਸੁਪਰੀਮ ਕੋਰਟ ਨੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਉਹ ਇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਸੀਲਬੰਦ ਲਿਫਾਫੇ 'ਚ ਅਦਾਲਤ 'ਚ ਜਮਾਂ ਕਰਨ।
ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਵਿਨੇ ਦੇ ਵਕੀਲ ਏ.ਪੀ. ਸਿੰਘ ਨੇ ਅਦਾਲਤ 'ਚ ਕਿਹਾ ਕਿ ਉਸ ਦੇ ਮੁਵੱਕਿਲ ਦੀ ਰਹਿਮ ਅਪੀਲ ਨੂੰ ਰੱਦ ਕਰਨ ਵਿੱਚ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵੱਲੋਂ ਉਸ ਦੀ ਰਹਿਮ ਦੀ ਅਪੀਲ ਨੂੰ ਸਮਾਜਿਕ ਜਾਂਚ ਰਿਪੋਰਟ, ਮੈਡੀਕਲ ਰਿਪੋਰਟ ਅਤੇ ਅਪਰਾਧ ਵਿੱਚ ਉਸ ਦੀ ਸੀਮਤ ਭੂਮਿਕਾ ਨੂੰ ਧਿਆਨ ਵਿੱਚ ਰੱਖੇ ਬਗੈਰ ਰੱਦ ਕਰ ਦਿੱਤਾ ਗਿਆ ਸੀ।
ਏ.ਪੀ. ਸਿੰਘ ਨੇ ਅਦਾਲਤ ਵਿੱਚ ਕਿਹਾ ਕਿ ਵਿਨੇ ਸ਼ਰਮਾ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਹ ਆਦਤਨ ਅਪਰਾਧੀ ਨਹੀਂ ਹੈ। ਉਹ ਇੱਕ ਖੇਤੀਬਾੜੀ ਕਰਨ ਵਾਲੇ ਪਰਿਵਾਰ ਨਾਲ ਸਬੰਧਤ ਹੈ। ਮੇਰੀਆਂ ਦਲੀਲਾਂ ਅਦਾਲਤ ਦੇ ਲੈਂਡਮਾਰਕ ਫ਼ੈਸਲੇ 'ਤੇ ਅਧਾਰਤ ਹਨ।
2012 Delhi gang-rape case: Supreme Court reserves order for tomorrow 2 pm, on the issue of rejection of death row convict Vinay Kumar Sharma's mercy petition by President Kovind. pic.twitter.com/mWggky2u1y
— ANI (@ANI) February 13, 2020
ਇਸ 'ਤੇ ਜਸਟਿਸ ਅਸ਼ੋਕ ਭੂਸ਼ਣ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਸਭ ਦੱਸਣ ਦੀ ਬਜਾਏ ਤੁਹਾਨੂੰ ਸਿੱਧੇ ਤੌਰ 'ਤੇ ਆਪਣੀਆਂ ਹੋਰ ਦਲੀਲਾਂ ਅਤੇ ਅਧਾਰ ਦੱਸਣੇ ਚਾਹੀਦੇ ਹਨ। ਵਕੀਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਉਪ ਰਾਜਪਾਲ (ਐਲ.ਜੀ.) ਦੇ ਹਸਤਾਖਰ ਨਹੀਂ ਹਨ। ਇਸ 'ਤੇ ਸੋਲੀਸਿਟਰ ਜਨਰਲ ਨੇ ਸੁਪਰੀਮ ਕੋਰਟ ਨੂੰ ਹਸਤਾਖਰ ਕੀਤੇ ਦਸਤਾਵੇਜ਼ ਦਿਖਾਏ, ਜਿਸ ਤੋਂ ਬਾਅਦ ਅਦਾਲਤ ਨੇ ਏ.ਪੀ. ਸਿੰਘ ਨੂੰ ਇਕ ਹੋਰ ਮੁੱਦੇ 'ਤੇ ਬਹਿਸ ਕਰਨ ਲਈ ਕਿਹਾ।
ਦੱਸ ਦੇਈਏ ਕਿ ਵਿਨੇ ਸ਼ਰਮਾ ਦੇ ਵਕੀਲ ਨੇ ਰਾਸ਼ਟਰਪਤੀ ਵੱਲੋਂ ਰੱਦ ਕੀਤੀ ਰਹਿਮ ਦੀ ਪਟੀਸ਼ਨ ਵਿਰੁੱਧ ਬੇਨਤੀ ਦਾਖ਼ਲ ਕੀਤੀ ਹੈ। ਇਸ ਤੋਂ ਪਹਿਲਾਂ ਇਸ ਸਮੂਹਕ ਬਲਾਤਕਾਰ ਤੇ ਕਤਲ ਦੇ ਮਾਮਲੇ ’ਚ ਚਾਰੇ ਦੋਸ਼ੀਆਂ ਵਿਰੁੱਧ ਨਵਾਂ ‘ਡੈੱਥ–ਵਾਰੰਟ’ ਜਾਰੀ ਕਰਨ ਲਈ ਨਿਰਭਯਾ ਦੇ ਮਾਤਾ–ਪਿਤਾ ਤੇ ਦਿੱਲੀ ਸਰਕਾਰ ਨੇ ਹੇਠਲੀ ਅਦਾਲਤ ਦਾ ਰੁਖ਼ ਕੀਤਾ ਸੀ। ਅਦਾਲਤ ’ਚ ਬੁੱਧਵਾਰ 12 ਫ਼ਰਵਰੀ ਨੂੰ ਇਸ ਮਾਮਲੇ ’ਚ ਸੁਣਵਾਈ ਹੋਈ ਸੀ।
ਇਸ ਤੋਂ ਪਹਿਲਾਂ ਬੀਤੀ 7 ਫ਼ਰਵਰੀ ਨੂੰ ਹੇਠਲੀ ਅਦਾਲਤ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ; ਜਿਸ ਵਿੱਚ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਨਵੀਂ ਤਰੀਕ ਦੇਣ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਜਦੋਂ ਦੋਸ਼ੀਆਂ ਨੂੰ ਕਾਨੂੰਨ ਜਿਊਂਦੇ ਰਹਿਣ ਦੀ ਪ੍ਰਵਾਨਗੀ ਦਿੰਦਾ ਹੈ, ਤਦ ਉਨ੍ਹਾਂ ਨੁੰ ਫਾਂਸੀ ਚੜ੍ਹਾਉਣਾ ਪਾਪ ਹੈ।
ਇਹ ਹੈ ਪੂਰਾ ਮਾਮਲਾ :
ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਪੈਰਾ–ਮੈਡੀਕਲ ਵਿਦਿਆਰਥਣ ਨਾਲ ਛੇ ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਬਾਅਦ ’ਚ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।
ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।