ਤਿਹਾੜ ਜੇਲ੍ਹ ’ਚ ਕੈਦ ਦਿੱਲੀ ਸਮੂਹਕ ਬਲਾਤਕਾਰ ਤੇ ਕਤਲ ਕਾਂਡ ਦੇ ਚਾਰ ਦੋਸ਼ੀਆਂ 'ਚੋਂ ਤਿੰਨ ਨੇ ਤਿਹਾੜ ਜੇਲ ਦੇ ਅਧਿਕਾਰੀਆਂ ਨੂੰ ਅਦਾਲਤ ਦੇ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਦੋਸ਼ੀਆਂ ਨੇ ਕਿਹਾ ਕਿ ਉਨ੍ਹਾਂ ਨੇ ਹਾਲੇ ਕਿਊਰੇਟਿਵ ਪਟੀਸ਼ਨ ਦਾਖਲ ਕਰਨੀ ਹੈ। ਰਹਿਮ ਪਟੀਸ਼ਨ ਉਦੋਂ ਦਾਇਰ ਕਰਨਗੇ ਜਦੋਂ ਕਿਊਰੇਟਿਵ ਪਟੀਸ਼ਨ ਦਾ ਨਿਪਟਾਰਾ ਹੋ ਜਾਵੇਗਾ। ਜੇ ਕਿਊਰੇਟਿਵ ਪਟੀਸ਼ਨ ਰੱਦ ਹੋਈ ਤਾਂ ਅੰਤਮ ਆਪਸ਼ਨ ਰਹਿਮ ਪਟੀਸ਼ਨ ਵਰਤੀ ਜਾਵੇਗੀ।
ਇਸ ਤੋਂ ਪਹਿਲਾਂ ਪਿਛਲੇ ਹਫਤੇ ਦੋਸ਼ੀਆਂ ਦੇ ਡੈਥ ਵਾਰੰਟ ਜਾਰੀ ਕਰਨ ਨੂੰ ਲੈ ਕੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਸੁਣਵਾਈ 7 ਜਨਵਰੀ ਤਕ ਮੁਲਤਵੀ ਕਰ ਦਿੱਤੀ ਗਈ ਹੈ। ਜਦਕਿ ਇੱਕ ਦੋਸ਼ੀ ਅਕਸ਼ੇ ਦੀ ਪੁਨਰਵਿਚਾਰ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ। ਉਸ ਦੀ ਪਟੀਸ਼ਨ ਨੂੰ ਜਸਟਿਸ ਭਾਨੁਮਤੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਰੱਦ ਕਰ ਦਿੱਤਾ ਸੀ।
2012 Delhi gangrape case: 3 out of 4 convicts filed reply to Tihar Jail authorities in response to a notice issued to them after court direction.Convicts stated they still have legal remedies given by constitution&want to use both legal remedies-curative and mercy petitions
— ANI (@ANI) December 24, 2019
ਜ਼ਿਕਰਯੋਗ ਹੈ ਕਿ ਤਿਹਾੜ ਜੇਲ ਪ੍ਰਸ਼ਾਸਨ ਨੇ ਬੀਤੀ 18 ਦਸੰਬਰ ਨੂੰ ਨਿਰਭਯਾ ਦੇ ਦੋਸ਼ੀ ਪਵਨ ਗੁਪਤਾ, ਅਕਸ਼ੇ ਸਿੰਘ, ਮੁਕੇਸ਼ ਅਤੇ ਵਿਨੇ ਸ਼ਰਮਾ ਨੂੰ ਨੋਟਿਸ ਜਾਰੀ ਕੀਤੇ ਸਨ ਕਿ ਉਹ ਇੱਕ ਹਫਤੇ ਅੰਦਰ ਰਾਸ਼ਟਰਪਤੀ ਦੇ ਅੱਗੇ ਰਹਿਮ ਪਟੀਸ਼ਨ ਦਾਖਲ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲਾਂ ਦੀ ਪੈਰਾ–ਮੈਡੀਕਲ ਵਿਦਿਆਰਥਣ ਨਾਲ ਛੇ ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਬਾਅਦ ’ਚ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।
ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।