ਅਧਖੜ ਉਮਰ ਦੇ ਜੋੜੇ ਦੀ ਧੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਮਾਪਿਆਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਤੇ ਫਿਰ ਲਾਸ਼ਾਂ ਨੂੰ ਸੂਟਕੇਸ ਚ ਪਾ ਕੇ ਇਕ ਨਹਿਰ ਕੋਲ ਟਿਕਾਣੇ ਲਗਾ ਦਿੱਤਾ। ਦੋਸ਼ੀ ਬਾਹਰੀ ਦਿੱਲੀ ਦੇ ਪੱਛਮੀ ਵਿਹਾਰ ਇਲਾਕਾ ਸਥਿਤ ਆਪਣੇ ਮਾਪਿਆਂ ਦੀ ਜਾਇਦਾਦ ਆਪਣੇ ਨਾਂ ਕਰਾਉਣਾ ਚਾਹੁੰਦੀ ਸੀ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਬਾਹਰੀ ਦਿੱਲੀ ਦੇ ਦੀਪਕ ਵਿਹਾਰ ਦੀ ਰਹਿਣ ਵਾਲੀ ਦੋਸ਼ੀ ਦਵਿੰਦਰ ਕੌਰ (26) ਤੇ ਲਖਨਊ ਦੇ ਗੋਮਤੀ ਨਗਰ ਐਕਸਟੈਂਸ਼ਨ ਦੇ ਰਹਿਣ ਵਾਲੇ ਪ੍ਰਿੰਸ ਦੀਕਸ਼ਿਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਨਾਂ ਨੇ ਦੀਪਕ ਵਿਹਾਰ ਦੇ ਨਿਲੋਠੀ ਐਕਸਟੈਂਸ਼ਨ ਚ ਇਸ ਬਜ਼ੁਰਗ ਜੋੜੇ ਦੀ ਜਾਇਦਾਦ ਹੱੜਪਣ ਲਈ ਇਹ ਸਾਜਿਸ਼ ਰਚੀ ਸੀ।
ਜਾਣਕਾਰੀ ਮੁਤਾਬਕ ਪੁਲਿਸ ਨੂੰ 8 ਮਾਰਚ ਨੂੰ ਪੱਛਮੀ ਵਿਹਾਰ ਚ ਇਕ ਨਹਿਰ ਚ ਇਕ ਮਰੂਨ ਰੰਗੀ ਸੂਟਕੇਸ ਤੈਰਦੇ ਦੇਖੇ ਜਾਣ ਦੀ ਸੂਚਨਾ ਮਿਲੀ ਸੀ ਜਦਕਿ ਸੂਟਕੇਸ ਚ ਲਾਸ਼ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ। ਸ਼ੂਰੁਆਤੀ ਜਾਂਚ ਚ ਪਤਾ ਲਗਿਆ ਕਿ ਲਾਸ਼ ਇਕ ਔਰਤ ਦੀ ਹੈ। ਪੁਲਿਸ ਅਫ਼ਸਰ ਨੇ ਦਸਿਆ ਕਿ ਪੱਛਮੀ ਵਿਹਾਰ ਪੁਲਿਸ ਥਾਣੇ ਚ ਇਕ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਮੁਤਾਬਕ ਲਾਸ਼ ਦੀ ਪਛਾਣ 47 ਸਾਲਾ ਜਗੀਰ ਕੌਰ ਵਜੋਂ ਹੋਈ ਜਦਕਿ ਜਗੀਰ ਕੌਰ ਦੇ ਪਤੀ ਗੁਰਮੀਤ ਸਿੰਘ ਵੀ ਲਾਪਤਾ ਹਨ। ਪੁਲਿਸ ਮੁਤਾਬਕ ਜਿਸ ਨਹਿਰ ਤੋਂ ਜਗੀਰ ਕੌਰ ਦੀ ਲਾਸ਼ ਮਿਲੀ ਸੀ, ਉਸਦੇ ਦੂਜੇ ਪਾਸੇ ਤੋਂ 9 ਮਾਰਚ ਨੂੰ ਗੁਰਮੀਤ ਸਿੰਘ ਦੀ ਲਾਸ਼ ਗਲੀਸੜੀ ਹਾਲਤ ਚ ਇਕ ਸੂਟਕੇਸ ਚੋਂ ਬਰਾਮਦ ਹੋਈ।
ਡੀਐਸਪੀ ਨੇ ਦਸਿਆ ਕਿ ਜਗੀਰ ਕੌਰ ਦੀ ਧੀ ਦਵਿੰਦਰ ਕੌਰ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਉਸਦੇ ਬਿਆਨਾਂ ਤੇ ਸ਼ੱਕ ਹੋਇਆ। ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਦੀਆਂ ਫੋਟਵਾਂ ਲੱਭੀਆਂ ਤੇ ਕਈ ਛਾਪੇ ਮਾਰੇ। ਅਗਲੇਰੀ ਪੁੱਛਗਿੱਛ ਦੌਰਾਨ ਦਵਿੰਦਰ ਕੌਰ ਨੇ ਆਖਰਕਾਰ ਖੁੱਦ ਹੀ ਮੰਨ ਲਿਆ ਕਿ ਉਸਨੇ ਆਪਣੇ ਮਾਪਿਆਂ ਦਾ ਕਤਲ ਕੀਤਾ ਹੈ।
ਦਵਿੰਦਰ ਕੌਰ ਨੇ ਦਸਿਆ ਕਿ ਉਸਨੇ ਆਪਣੇ ਪਤੀ ਨੂੰ ਛੱਡ ਦਿੱਤਾ ਸੀ ਤੇ ਇਕ ਸਾਲ ਤੋਂ ਪ੍ਰਿੰਸ ਦੀਕਸ਼ਿਤ ਨਾਲ ਰਿ਼ਸ਼ਤੇ ਚ ਸੀ। ਪੁਲਿਸ ਅਧਿਕਾਰੀ ਮੁਤਾਬਕ ਦਵਿੰਦਰ ਤੇ ਪ੍ਰਿੰਸ ਦੀਪਕ ਵਿਹਾਰ ਚ ਨਿਲੋਠੀ ਐਕਸਟੈਂਸ਼ਨ ਸਥਿਤ ਮ੍ਰਿਤਕ ਜੋੜੇ ਦੀ ਜਾਇਦਾਦ ਹੜਪਣਾ ਚਾਹੁੰਦੇ ਸਨ ਪਰ ਦਵਿੰਦਰ ਦੇ ਮਾਪਿਆਂ ਨੇ ਜਾਇਦਾਦ ਦਵਿੰਦਰ ਦੇ ਨਾਂ ਕਰਨ ਤੋਂ ਨਾਂਹ ਕਰ ਦਿੱਤੀ ਸੀ। ਇਸ ਲਈ ਦੋਨਾਂ ਨੇ ਇਸ ਜੋੜੇ ਦਾ ਕਤਲ ਕਰਨ ਅਤੇ ਜਾਇਦਾਦ ਹੜਪੜ ਦੀ ਸਾਜਿਸ਼ ਘੜੀ।
.