ਇਸ ਵੇਲੇ ਉੱਤਰੀ ਤੇ ਮੱਧ–ਭਾਰਤ ਵਿੱਚ ਜਿੱਥੇ ਸਖ਼ਤ ਗਰਮੀ ਪੈ ਰਹੀ ਹੈ, ਉੱਥੇ ਚੋਣ–ਗਤੀਵਿਧੀਆਂ ਨੇ ਇਸ ਵਾਰ ਦਿੱਲੀ ਨੂੰ ਹੋਰ ਵੀ ਜ਼ਿਆਦਾ ਭਖਾ ਦਿੱਤਾ ਹੈ। ਸਾਲ 2014 ਦੀਆਂ ਚੋਣਾਂ ਦੌਰਾਨ ਸੁੰਗੜ ਕੇ ਸਿਰਫ਼ 44 ਸੀਟਾਂ ਨਾਲ ਸਬਰ ਕਰਨ ਵਾਲੀ ਕਾਂਗਰਸ ਐਤਕੀਂ ਸੱਤਾ ਵਿੱਚ ਵਾਪਸੀ ਦੀ ਆਸ ਰੱਖ ਰਹੀ ਹੈ।
ਇਸ ਦੌਰਾਨ ਚੋਣ ਨਤੀਜੇ ਆਉਣ ਤੋਂ ਪਹਿਲਾਂ ਮੁੜ ਗ਼ੈਰ–ਐੱਨਡੀਏ ਸਰਕਾਰ ਬਣਾਉਣ ਦੇ ਜਤਨ ਤੇਜ਼ ਹੋਏ ਹਨ। ਇਸ ਨੂੰ ਲੈ ਕੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਯੂਪੀਏ ਦੇ ਮੁਖੀ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਬਹੁਜਨ ਸਮਾਜ ਪਾਰਟੀ ਦੇ ਮੁਖੀ ਮਾਇਆਵਤੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਵੀ ਕੀਤੀ ਹੈ।
ਜੇ ਐਗਜ਼ਿਟ–ਪੋਲਜ਼ ਦਾ ਜ਼ਿਕਰ ਕਰੀਏ, ਤਾਂ ਨਿਊਜ਼ ਨੇਸ਼ਨ ਨੇ ਭਾਜਪਾ ਤੇ ਸਹਿਯੋਗੀ ਪਾਰਟੀਆਂ ਨੂੰ 282 ਤੋਂ 290 ਸੀਟਾਂ ਦਿੱਤੀਆਂ ਹਨ, ਕਾਂਗਰਸ ਤੇ ਸਹਿਯੋਗੀਆਂ ਨੂੰ 118 ਤੋਂ 126 ਸੀਟਾਂ ਅਤੇ ਹੋਰ ਪਾਰਟੀਆਂ ਨੂੰ 130–138 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ।
ਟਾਈਮਜ਼ ਨਾਓ–ਵੀਐੱਮਆਰ ਸਰਵੇਖਣ ਨੇ ਭਾਜਪਾ ਤੇ ਸਹਿਯੋਗੀ ਪਾਰਟੀਆਂ ਨੂੰ 304 ਸੀਟਾਂ, ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਨੂੰ 132 ਤੇ ਹੋਰਨਾਂ ਨੂੰ 104 ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਹੈ।
ਏਬੀਪੀ–ਨੀਲਸਨ ਨੇ ਐੱਨਡੀਏ ਨੂੰ 267 ਸੀਟਾਂ, ਯੂਪੀਏ ਨੂੰ 127 ਸੀਟਾਂ ਤੇ ਹੋਰਨਾਂ ਨੂੰ 148 ਸੀਟਾਂ ਮਿਲਣ ਦੀ ਆਸ ਪ੍ਰਗਟਾਈ ਹੈ। ‘ਨਿਊਜ਼ 24 – ਚਾਣੱਕਿਆ’ ਸਰਵੇਖਣ ਵਿੱਚ ਐੱਨਡੀਏ ਨੂੰ 340 ਸੀਟਾਂ, ਯੂਪੀਏ ਨੂੰ 70 ਸੀਟਾਂ ਤੇ ਹੋਰਨਾਂ ਨੂੰ 133 ਸੀਟਾਂ ਦਿੱਤੀਆਂ ਹਨ।
ਇੰਡੀਆ ਟੂਡੇ – ਐਕਸਿਸ ਨੇ ਐੱਨਡੀਏ ਨੇ 339 ਤੋਂ 365 ਸੀਟਾਂ, ਯੂਪੀਏ ਨੂੰ 77 ਤੋਂ 108 ਸੀਟਾਂ ਤੇ ਹੋਰਨਾਂ ਨੂੰ 69 ਤੋਂ 95 ਸੀਟਾਂ ਦਾ ਅਨੁਮਾਨ ਪ੍ਰਗਟਾਇਆ ਹੈ।
ਰੀਪਬਲਿਕ ਟੀਵੀਸੀ ਵੋਟਰ ਨੇ ਆਪਣੇ ਐਗਜ਼ਿਟ ਪੋਲ ਵਿੱਚ ਐੱਨਡੀਏ ਨੂੰ 287 ਸੀਟਾਂ, ਯੂਪੀਏ ਨੂੰ 128 ਸੀਟਾਂ ਤੇ ਹੋਰਨਾਂ ਨੂੰ 127 ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਹੈ।