ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਜੂਨ ਦਾ ਮਹੀਨਾ ਦੇਸ਼ ਦੀ ਰਾਜਧਾਨੀ ਲਈ ਬਹੁਤ ਮਹੱਤਵਪੂਰਨ ਹੈ। ਜਿਸ ਤਰ੍ਹਾਂ ਪਹਿਲੇ ਹਫ਼ਤੇ 'ਚ ਨਵੇਂ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਹਾਲਾਤ ਹੋਰ ਖ਼ਰਾਬ ਹੁੰਦੇ ਵਿਖਾਈ ਦੇ ਰਹੇ ਹਨ। ਜੂਨ ਦੇ ਅੰਤ ਤਕ ਇੱਥੇ ਕੋਰੋਨਾ ਕੇਸ ਘੱਟੋ-ਘੱਟ 1 ਲੱਖ ਨੂੰ ਪਾਰ ਕਰ ਸਕਦੇ ਹਨ। ਇਹ ਗੱਲ ਦਿੱਲੀ ਸਰਕਾਰ ਦੀ ਆਪਣੀ ਕੋਵਿਡ-19 ਕਮੇਟੀ ਨੇ ਕਹਿ ਹੈ।
ਦਿੱਲੀ ਸਰਕਾਰ ਵੱਲੋਂ ਗਠਿਤ ਕੀਤੀ ਗਈ ਡਾਕਟਰਾਂ ਦੀ ਪੰਜ ਮੈਂਬਰੀ ਟੀਮ ਅਨੁਸਾਰ ਜੂਨ ਦੇ ਆਖਰੀ ਤਕ ਦਿੱਲੀ 'ਚ ਘੱਟ ਤੋਂ ਘੱਟ 1 ਲੱਖ ਕੋਵਿਡ-19 ਮਾਮਲੇ ਹੋਣ ਦੀ ਸੰਭਾਵਨਾ ਹੈ। ਡਾ. ਮਹੇਸ਼ ਸ਼ਰਮਾ ਨੇ ਦੱਸਿਆ ਕਿ ਕਮੇਟੀ ਨੇ ਦਿੱਲੀ ਸਰਕਾਰ ਨੂੰ ਆਪਣੀ ਰਿਪੋਰਟ ਦੇ ਦਿੱਤੀ ਹੈ। ਰਿਪੋਰਟ ਅਨੁਸਾਰ ਦਿੱਲੀ 'ਚ 15 ਹਜ਼ਾਰ ਬੈੱਡ ਦਾ ਪ੍ਰਬੰਧ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦਿੱਲੀ 'ਚ ਮਰੀਜਾਂ ਦੀ ਗਿਣਤੀ ਨੂੰ ਦੇਖਦੇ ਹੋਏ ਕਰੀਬ 25% ਮਰੀਜ਼ਾਂ ਨੂੰ ਹਸਪਤਾਲ 'ਚ ਭਰਤੀ ਕਰਨ ਦੀ ਜ਼ਰੂਰਤ ਪਵੇਗੀ।
ਡਾ. ਮਹੇਸ਼ ਵਰਮਾ ਨੇ ਕਿਹਾ ਕਿ ਦਿੱਲੀ 'ਚ 15 ਜੁਲਾਈ ਤਕ 42 ਹਜ਼ਾਰ ਬੈੱਡ ਦੀ ਜ਼ਰੂਰਤ ਪਵੇਗੀ। ਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੇ ਦੋ ਮਈ ਨੂੰ ਡਾਕਟਰਾਂ ਦੀ ਪੰਜ ਮੈਂਬਰੀ ਟੀਮ ਬਣਾਈ ਸੀ। ਟੀਮ ਨੂੰ ਕਿਹਾ ਗਿਆ ਸੀ ਕਿ ਉਹ ਹਸਪਤਾਲਾਂ ਦੀ ਸਥਿਤੀ, ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰਨ ਲਈ ਸੁਝਾਅ, ਵੱਧਦੇ ਮਾਮਲਿਆਂ ਦਾ ਅਧਿਐਨ ਕਰੇ। ਇਸ ਤੋਂ ਬਾਅਦ ਰਿਪੋਰਟ ਬਣਾ ਕੇ ਦਿੱਲੀ ਸਰਕਾਰ ਨੂੰ ਸੌਂਪੇ। ਟੀਮ ਨੇ ਹੁਣ ਆਪਣੀ ਰਿਪੋਰਟ ਦਿੱਲੀ ਸਰਕਾਰ ਨੂੰ ਸੌਂਪ ਦਿੱਤੀ ਹੈ।