ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਪ੍ਰਧਾਨ ਮੰਤਰੀ ਦੇ ਨਾਮ ਉਤੇ ਵੈਬਸਾਈਟ ਬਣਾਕੇ ਸੌ ਤੋਂ ਜ਼ਿਆਦਾ ਲੋਕਾਂ ਨਾਲ ਠੱਗੀ ਦੇ ਮਾਮਲੇ ਦਾ ਪਰਦਾਫਾਸ ਕੀਤਾ ਹੈ। ਸੈਲ ਨੇ ਇਸ ਮਾਮਲੇ ਵਿਚ ਦੋਸ਼ੀ ਨੌਜਵਾਨ ਪ੍ਰਸਨਜੀਤ ਚਟਰਜੀ ਨੂੰ ਬੁੱਧਵਾਰ ਨੂੰ ਬੰਗਾਲ ਤੋਂ ਗ੍ਰਿਫਤਾਰ ਕਰ ਲਿਆ। ਦੋਸ਼ੀ ਨੇ ਬੇਰੁਜ਼ਗਾਰਾਂ ਤੋਂ ਅਧਿਆਪਕ ਦੀ ਅਸਾਮੀ ਲਈ ਫਾਰਮ ਭਰਨ ਦੇ ਨਾਮ ਉਤੇ ਰੁਪਏ ਵਸੂਲੇ ਸਨ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਸੂਚਨਾ ਤਕਨੀਕੀ ਤੇ ਇਲੈਕਟ੍ਰਾਨਿਕ ਵਿਭਾਗ ਵੱਲੋਂ ਹਰਿਸੇਵਕ ਸ਼ਰਮਾ ਨੇ ਸਾਈਬਰ ਸੈਲ ਕੋਲ 7 ਜਨਵਰੀ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਦੇ ਆਧਾਰ ਉਤੇ ਸੈਲ ਨੇ ਕਾਰਵਾਈ ਕਰਦੇ ਹੋਏ ਆਈਟੀ ਐਕਟ ਤੇ ਧੋਖਾਧੜੀ ਦੀ ਧਾਰਾ ਵਿਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ।
ਮਾਮਲੇ ਦੀ ਜਾਂਚ ਵਿਚ ਲੱਗੀ ਪੁਲਿਸ ਨੇ ਪਹਿਲਾਂ ਦੋਸ਼ੀ ਦੀ ਵੈਬਸਾਈਟ ਨੂੰ ਬਲਾਕ ਕਰ ਦਿੱਤਾ। ਇਸ ਤੋਂ ਬਾਅਦ ਇੰਸਪੈਕਟਰ ਭਾਨੁ ਪ੍ਰਕਾਸ਼ ਦੀ ਟੀਮ ਨੇ ਵੈਬਸਾਈਟ ਦੇ ਆਈਪੀ ਐਡਰਸ ਦੇ ਸਹਾਰੇ ਦੋਸ਼ੀ ਤੱਕ ਪਹੁੰਚਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਟੀਮ ਇਸ ਪਤੇ ਰਾਹੀਂ ਪ੍ਰਸਨਜੀਤ ਦੇ ਦਫ਼ਤਰ ਤੱਕ ਪਹੁੰਚ ਗਈ। ਬਾਅਦ ਵਿਚ ਪੁਲਿਸ ਟੀਮ ਨੇ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਤੋਂ ਪ੍ਰਸਨਜੀਤ ਨੂੰ ਗ੍ਰਿਫਤਾਰ ਕਰ ਲਿਆ।