ਪੁਰਾਣੀ ਦਿੱਲੀ ਦੇ ਹੌਜ ਕਾਜੀ ਇਲਾਕੇ ਵਿਚ ਪਾਰਕਿੰਗ ਵਿਵਾਦ ਦੇ ਬਾਅਦ ਧਾਰਿਮਕ ਸਥਾਨ ਵਿਚ ਭੰਨਤੋੜ ਦੇ ਮਾਮਲੇ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਨੂੰ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਇਕ ਨਾਬਾਲਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਅਮਿਤ ਸ਼ਾਹ ਨਾਲ ਮੁਲਾਕਾਤ ਦੇ ਬਾਅਦ ਦਿੱਲੀ ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਮੀਡੀਆ ਨੂੰ ਦੱਸਿਆ ਕਿ ਇਹ ਇਕ ਰੂਟੀਨ ਬ੍ਰੀਫਿੰਗ ਸੀ। ਉਨ੍ਹਾਂ ਕਿਹਾ ਕਿ ਹੌਜ ਕਾਜੀ ਵਿਚ ਹਾਲਤ ਹੁਣ ਕਾਬੂ ਵਿਚ ਹਨ ਅਤੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਘਟਨਾ ਦੌਰਾਨ ਇਕ ਗੁੱਟ ਨੇ ਇਲਾਕੇ ਵਿਚ ਮੌਜੂਦ ਧਰਮਿਕ ਸਥਾਨ ਵਿਚ ਭੰਨਤੋੜ ਕੀਤੀ ਸੀ। ਘਟਨਾ ਦੇ ਬਾਅਦ ਇਲਾਕੇ ਵਿਚ ਤਣਾਅ ਦਾ ਮਾਹੌਲ ਹੋ ਗਿਆ ਸੀ। ਇਸ ਦੇ ਚਲਦਿਆਂ ਸੋਮਵਾਰ ਨੂੰ ਦੋਵਾਂ ਪੱਖਾਂ ਵਿਚ ਪਥਰਾਅ ਵੀ ਹੋਇਆ, ਜਿਸ ਵਿਚ ਦੋ ਮੀਡੀਆ ਕਰਮੀ ਜ਼ਖਮੀ ਹੋ ਗਏ ਸਨ। ਫਿਲਹਾਲ ਕਿਸੇ ਵੀ ਹਾਲਤ ਨਾਲ ਨਿਪਟਣ ਲਈ ਵੱਡੀ ਗਿਣਤੀ ਵਿਚ ਪੁਲਿਸ ਬਲ ਤੈਨਾਤ ਕੀਤੇ ਗਏ ਹਨ।