ਉੱਤਰ-ਪੂਰਬੀ ਦਿੱਲੀ 'ਚ ਹੋਈ ਹਿੰਸਾ ਦੌਰਾਨ ਮਾਰੇ ਗਏ ਇੰਟੈਲੀਜੈਂਸ ਬਿਊਰੋ ਦੇ ਮੁਲਾਜ਼ਮ ਅੰਕਿਤ ਸ਼ਰਮਾ ਦੀ ਹੱਤਿਆ 'ਚ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਮੁਲਜ਼ਮ ਸਲਮਾਨ ਉਰਫ ਨੰਨ੍ਹੇ ਨੇ ਖੁਲਾਸਾ ਕੀਤਾ ਹੈ ਕਿ ਇਕ ਦਰਜਨ ਲੋਕਾਂ ਨੇ ਮਿਲ ਕੇ ਅੰਕਿਤ ਉੱਤੇ ਹਮਲਾ ਕੀਤਾ ਸੀ। ਪੋਸਟਮਾਰਟਮ ਰਿਪੋਰਟ 'ਚ ਅੰਕਿਤ ਉੱਤੇ ਛੋਟੇ-ਵੱਡੇ 400 ਵਾਰ ਹਮਲਾ ਕਰਨ ਦਾ ਖੁਲਾਸਾ ਹੋਇਆ ਸੀ।
ਸਲਮਾਨ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਅੰਕਿਤ ਦੀ ਹੱਤਿਆ ਬਹੁਤ ਬੇਰਹਿਮੀ ਨਾਲ ਕੀਤੀ ਗਈ ਸੀ। ਉਸ ਨੂੰ ਪਹਿਲਾਂ 10 ਤੋਂ 12 ਲੋਕਾਂ ਨੇ ਰੱਜ ਕੇ ਕੁੱਟਿਆ ਸੀ। ਫਿਰ ਉਸ ਨੂੰ ਘੜੀਸਦੇ ਹੋਏ ਤਾਹਿਰ ਹੁਸੈਨ ਦੇ ਘਰ ਵੱਲ ਲੈ ਗਏ ਸਨ, ਜਿੱਥੇ ਚਾਕੂਆਂ ਨਾਲ ਉਸ ਉੱਤੇ ਤਾਬੜਤੋੜ ਵਾਰ ਕੀਤੇ ਗਏ ਸਨ।
ਪੁਲਿਸ ਮੁਤਾਬਿਕ ਜਦੋਂ ਸਲਮਾਨ ਦੇ ਫ਼ੋਨ ਨੂੰ ਸਰਵਿਲਾਂਸ 'ਤੇ ਲਗਾਇਆ ਗਿਆ ਸੀ ਤਾਂ ਉਸ ਨੇ ਕਿਸੇ ਨੂੰ ਕਿਹਾ ਸੀ ਕਿ ਦੰਗੇ 'ਚ ਅਸੀ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਚਾਕੂ ਮਾਰੇ ਸਨ। ਇਸੇ ਖੁਲਾਸੇ ਨੇ ਉਸ ਨੂੰ ਜੇਲ ਤਕ ਪਹੁੰਚਾਇਆ। ਦਰਅਸਲ ਪੁਲਿਸ ਨੇ ਉਸ ਨੂੰ ਇਸ ਮਾਮਲੇ 'ਚ ਹਿਰਾਸਤ ਵਿੱਚ ਲਿਆ ਅਤੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਅੰਕਿਤ ਦੀ ਹੱਤਿਆ ਦੀ ਗੱਲ ਸਵੀਕਾਰ ਕਰ ਲਈ।
ਇੰਜ ਫੜੇ ਜਾ ਰਹੇ ਹਨ ਦੰਗਾਕਾਰੀ :
ਦਿੱਲੀ ਦੰਗਿਆਂ ਦੀ ਜਾਂਚ ਕਰ ਰਹੀ ਪੁਲਿਸ ਨੇ ਚਿਹਰਿਆਂ ਦੀ ਪਛਾਣ ਕਰਨ ਲਈ ਆਈਡੈਂਟਿਫਿਕੇਸ਼ਨ ਸਾਫ਼ਟਵੇਅਰ ਦੀ ਮਦਦ ਲਈ ਹੈ। ਇਸ 'ਚ ਦਿੱਲੀ ਦੇ ਕੁੱਲ 12 ਥਾਣਾ ਖੇਤਰਾਂ ਦੇ ਕੁੱਲ 61 ਵਰਗ ਕਿਲੋਮੀਟਰ ਖੇਤਰ ਵਿੱਚ 20 ਲੱਖ ਲੋਕਾਂ ਦੇ ਡਰਾਈਵਿੰਗ ਲਾਇਸੈਂਸ, ਵੋਟਰ ਸ਼ਨਾਖਤੀ ਕਾਰਡ ਆਦਿ ਦੇ ਚਿਹਰਿਆਂ ਦਾ ਡਾਟਾ ਪਾਇਆ ਗਿਆ ਅਤੇ ਸੀਸੀਟੀਵੀ ਤੇ ਲੋਕਾਂ ਵੱਲੋਂ ਭੇਜੀਆਂ ਵੀਡੀਓਜ਼ ਦੀ ਚਿਹਰਿਆਂ ਨਾਲ ਮਿਲਾਨ ਕੀਤੀ ਜਾ ਰਹੀ ਹੈ। ਹੁਣ ਤਕ 1100 ਤੋਂ ਵੱਧ ਲੋਕਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਨ੍ਹਾਂ 'ਚੋਂ 300 ਤੋਂ ਵੱਧ ਲੋਕ ਯੂਪੀ ਤੋਂ ਦੰਗੇ ਕਰਨ ਲਈ ਆਏ ਸਨ। ਇਹ ਇੱਕ ਡੂੰਘੀ ਸਾਜਿਸ਼ ਦਾ ਖੁਲਾਸਾ ਕਰਦਾ ਹੈ। ਪੁਲਿਸ ਨੇ ਕੁੱਲ 2647 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਾਂ ਗ੍ਰਿਫਤਾਰ ਕੀਤਾ ਹੈ।