ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਦਰਜ ਮਾਮਲਿਆਂ ਦੀ ਗਿਣਤੀ ਸ਼ੁੱਕਰਵਾਰ ਰਾਤ ਤਕ ਵੱਧ ਕੇ 123 ਹੋ ਗਈ ਹੈ, ਜਦਕਿ 630 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲ਼ੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।
ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ, "ਅਸੀਂ ਦਿੱਲੀ ਹਿੰਸਾ ਸਬੰਧੀ ਕੁੱਲ 123 ਐਫਆਈਆਰ ਦਰਜ ਕੀਤੀਆਂ ਹਨ ਅਤੇ 630 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਹਿਰਾਸਤ 'ਚ ਲਿਆ ਗਿਆ ਹੈ। ਫ਼ੋਰੈਂਸਿਕ ਟੀਮਾਂ ਬੁਲਾ ਲਈਆਂ ਗਈਆਂ ਹਨ ਅਤੇ ਅਪਰਾਧਕ ਦ੍ਰਿਸ਼ਾਂ ਦੀ ਮੁੜ ਪੜਤਾਲ ਕੀਤੀ ਜਾ ਰਹੀ ਹੈ।" ਵੀਰਵਾਰ (27 ਫ਼ਰਵਰੀ) ਸ਼ਾਮ ਤੱਕ 48 ਐਫਆਈਆਰ ਦਰਜ ਕੀਤੀਆਂ ਗਈਆਂ ਸਨ।
ਉੱਧਰ ਫਿਰਕੂ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਰਾਤ ਤਕ 42 ਹੋ ਗਈ ਹੈ। ਵੀਰਵਾਰ (27 ਫ਼ਰਵਰੀ) ਤੱਕ ਮ੍ਰਿਤਕਾਂ ਦੀ ਗਿਣਤੀ 38 ਸੀ। ਹੁਣ ਤੱਕ ਗੁਰੂ ਤੇਗ ਬਹਾਦਰ ਹਸਪਤਾਲ 'ਚ 38, ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਵਿਚ 3 ਅਤੇ ਜਗ ਪ੍ਰਵੇਸ਼ ਚੰਦਰ ਹਸਪਤਾਲ 'ਚ 1 ਵਿਅਕਤੀ ਦੀ ਮੌਤ ਹੋਈ ਹੈ।
ਦੱਸ ਦੇਈਏ ਕਿ ਦਿੱਲੀ ਦੇ ਉੱਤਰ-ਪੂਰਬੀ ਜ਼ਿਲ੍ਹੇ ਦੇ ਦੰਗਾ ਪ੍ਰਭਾਵਤ ਇਲਾਕਿਆਂ 'ਚ ਸੋਮਵਾਰ (24 ਫ਼ਰਵਰੀ) ਤੋਂ ਸ਼ਾਂਤੀ ਬਹਾਲੀ ਲਈ ਸੈਂਕੜੇ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਲਗਭਗ 7000 ਨੀਮ ਫ਼ੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਫਿਰਕੂ ਦੰਗਿਆਂ ਵਿੱਚ 250 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮੁੱਖ ਦੰਗਾ ਪ੍ਰਭਾਵਤ ਇਲਾਕਿਆਂ 'ਚ ਜਾਫ਼ਰਾਬਾਦ, ਮੌਜਪੁਰ, ਚਾਂਦਬਾਗ, ਭਜਨਪੁਰਾ ਆਦਿ ਸ਼ਾਮਲ ਹਨ।