ਐਡਹਾਕ ਅਧਿਆਪਕਾਂ ਨੂੰ ਹਟਾ ਕੇ ਗੈਸਟ ਟੀਚਰ ਨਿਯੁਕਤ ਕੀਤੇ ਜਾਣ ਦੇ ਵਿਰੋਧ ’ਚ ਦਿੱਲੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਹੜਤਾਲ ਕਰ ਕੇ ਸਾਰੀ ਰਾਤ ਚਾਂਸਲਰ ਦੇ ਦਫ਼ਤਰ ਨੂੰ ਘੇਰ ਕੇ ਰੱਖਿਆ। ਕੱਲ੍ਹ ਦਿਨ ਵੇਲੇ ਸ਼ੁਰੂ ਹੋਇਆ ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਅੱਜ ਵੀ ਜਾਰੀ ਹੈ।
ਸੂਤਰਾਂ ਮੁਤਾਬਕ ਦਿੱਲੀ ਯੂਨੀਵਰਸਿਟੀ ਦੇ ਚਾਂਸਲਰ ਯੋਗੇਸ਼ ਤਿਆਗੀ ਨਾਲ ਅਧਿਆਪਕਾਂ ਦੀ ਗੱਲਬਾਤ ਦਾ ਹਾਲੇ ਤੱਕ ਕੋਈ ਨਤੀਜਾ ਨਹੀਂ ਨਿੱਕਲਿਆ ਹੈ ਤੇ ਅਧਿਆਪਕ ਚਾਂਸਲਰ ਦਫ਼ਤਰ ਦੇ ਅੰਦਰ ਹਾਲੇ ਵੀ ਡੇਰਾ ਲਾ ਕੇ ਬੈਠੇ ਹੋਏ ਹਨ।
ਦਿੱਲੀ ਯੂਨੀਵਰਸਿਟੀ ਦੇ ਇਤਿਹਾਸਕ ਵਿੱਚ ਇਹ ਪਹਿਲੀ ਘਟਨਾ ਹੈ; ਜਦੋਂ ਇੰਨੀ ਵੱਡੀ ਗਿਣਤੀ ’ਚ ਅੰਦੋਲਨਕਾਰੀ ਅਧਿਆਪਕਾਂ ਨੇ ਰਾਤ ਭਰ ਚਾਂਸਲਰ ਦਫ਼ਤਰ ਦੇ ਅੰਦਰ ਡੇਰੇ ਲਾਏ ਹੋਣ। ਐਡਹਾਕ ਅਧਿਆਪਕਾਂ ਨੂੰ ਨਿਯਮਤ ਕਰਨ ਤੇ 28 ਅਗਸਤ ਦੀ ਚਿੱਠੀ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ ਦੇ ਹਜ਼ਾਰਾਂ ਅਧਿਆਪਕਾਂ ਦੀ ਬੁੱਧਵਾਰ ਨੂੰ ਜ਼ਬਰਦਸਤ ਹੜਤਾਲ ਨਾਲ ਦਿੱਲੀ ਯੂਨੀਵਰਸਿਟੀ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਤੇ ਅਧਿਆਪਕਾਂ ਨੇ ਪ੍ਰੀਖਿਆਵਾਂ ਦਾ ਬਾਈਕਾਟ ਕੀਤਾ।
ਹਜ਼ਾਰਾਂ ਦੀ ਗਿਣਤੀ ’ਚ ਐਡਹਾਕ ਤੇ ਪੱਕੇ ਅਧਿਆਪਕਾਂ ਨੇ ਕੱਲ੍ਹ ਸਵੇਰੇ 11 ਵਜੇ ਤੋਂ ਹੀ ਚਾਂਸਲਰ ਦਫ਼ਤਰ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ ਤੇ ਇਹ ਅਧਿਆਪਕ ਅੱਧੀ ਰਾਤ ਦੇ ਬਾਅਦ ਵੀ ਡਟੇ ਰਹੇ। ਸਵੇਰੇ 6 ਵਜੇ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਿਹਾ। ਉਹ ਅੱਜ ਵੀ ਹੜਤਾਲ ’ਤੇ ਰਹਿਣਗੇ।
ਅਧਿਆਪਕਾਂ ਦਾ ਅੰਦੋਲਨ ਇੰਨਾ ਜ਼ਬਰਦਸਤ ਸੀ ਕਿ ਪੁਲਿਸ ਉਨ੍ਹਾਂ ਨੂੰ ਰੋਕ ਨਹੀਂ ਸਕੀ ਤੇ ਹਜ਼ਾਰਾਂ ਅਧਿਆਪਕ ਚਾਂਸਲਰ ਦਫ਼ਤਰ ਦੇ ਅੰਦਰ ਘੁਸ ਗਏ ਤੇ ਨਾਅਰੇਬਾਜ਼ੀ ਕੀਤੀ।