ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਾ ਬੀਐੱਸਐੱਫ਼ ਦਾ ਜਵਾਨ ਇੱਕ ਫ਼ਾਈਨਾਂਸ ਕੰਪਨੀ ਦੇ ਰੀਕਵਰੀ ਏਜੰਟ ਦੀ ਸ਼ਕਲ ਵਾਲੇ ਗੁੰਡਿਆਂ ਤੋਂ ਆਪਣੀ ਰਾਖੀ ਨਹੀਂ ਕਰ ਸਕਿਆ। ਪਵਨ ਕੁਮਾਰ ਨਾਂਅ ਦੇ ਇਸ ਜਵਾਨ ਦੀ ਗ਼ਲਤੀ ਸਿਰਫ਼ ਇੰਨੀ ਸੀ ਕਿ ਇਸ ਨੇ ‘ਇੰਡੀਆਬੁਲਜ਼’ ਨਾਂਅ ਦੀ ਫ਼ਾਈਨਾਂਸ ਕੰਪਨੀ ਤੋਂ ਸਾਢੇ ਪੰਜ ਲੱਖ ਰੁਪਏ ਦਾ ਪਰਸਨਲ ਲੋਨ ਲਿਆ ਸੀ; ਜਿਸ ਦੀ ਇੱਕ ਮਹੀਨੇ ਦੀ ਕਿਸ਼ਤ 19,561 ਰੁਪਏ ਉਹ ਅਦਾ ਨਹੀਂ ਕਰ ਸਕਿਆ ਸੀ।
ਪਵਨ ਕੁਮਾਰ ਨੂੰ ਪਿਛਲੇ ਕੁਝ ਦਿਨਾਂ ਤੋਂ ਏਜੰਟ ਲਗਾਤਾਰ ਧਮਕੀਆਂ ਦੇ ਰਹੇ ਸਨ ਤੇ 29 ਅਗਸਤ ਦੀ ਰਾਤ ਨੂੰ ਦਿੱਲੀ ਦੇ ਦਵਾਰਕਾ ਇਲਾਕੇ ’ਚ ਸਥਿਤ ਉਸ ਦੇ ਘਰ ’ਚੋਂ ਕੱਢ ਕੇ ਉਸ ਦੀ ਡਾਂਗਾਂ ਨਾਲ ਕੁੱਟਮਾਰ ਕਰ ਦਿੱਤੀ।
ਪਵਨ ਦੇ ਸਿਰ ’ਤੇ 8 ਟਾਂਕੇ ਲੱਗੇ ਹਨ। ਪਵਨ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕਰ ਦਿੱਤੀ ਪਰ ਪੁਲਿਸ ਨੇ ਵੀ ਬੀਐੱਸਐੱਫ਼ ਦੇ ਜਵਾਨ ਤੇ ਨੈਸ਼ਨਲ ਬਾਕਸਿੰਗ ਚੈਂਪੀਅਨ ਨਾਲ ਇਨਸਾਫ਼ ਨਹੀਂ ਕੀਤਾ। ਪੁਲਿਸ ਨੇ ਹਲਕੀਆਂ ਧਾਰਾਵਾਂ ਵਿੱਚ ਐੱਫ਼ਆਈਆਰ ਦਰਜ ਕਰ ਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਤੁਰੰਤ ਜ਼ਮਾਨਤ ਦੇ ਦਿੱਤੀ।
ਦਰਅਸਲ, ਪਵਨ ਕੁਮਾਰ ਬਾਕਸਿੰਗ ਵਿੰਚ ਨੈਸ਼ਨਲ ਚੈਂਪੀਅਨ ਰਹੇ ਹਨ ਤੇ ਸਪੋਰਟਸ ਕੋਟੇ ਤੋਂ 2010 ਵਿੱਚ ਬੀਐੱਸਐੱਫ਼ ਵਿੱਚ ਭਰਤੀ ਹੋਏ ਸਨ। ਫ਼ਿਲਹਾਲ ਉਹ BSF ਦੀ 137 ਬਟਾਲੀਅਨ ਵਿੱਚ ਤਾਇਨਾਤ ਹਨ। ਪਿੱਠ ਵਿੱਚ ਦਰਦ ਕਾਰਨ ਉਹ 21 ਮਈ ਤੋਂ 2 ਮਹੀਨਿਆਂ ਦੇ ਮੈਡੀਕਲ ਉੱਤੇ ਸਨ।