ਅਗਲੀ ਕਹਾਣੀ

70 ਰੁਪਏ ਤੋਂ ਵੀ ਮਹਿੰਗਾ ਹੋ ਸਕਦਾ ਹੈ ਡਾਲਰ

70 ਰੁਪਏ ਤੋਂ ਵੀ ਮਹਿੰਗਾ ਹੋ ਸਕਦਾ ਹੈ ਡਾਲਰ

ਭਲਕੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਅਮਰੀਕੀ ਡਾਲਰ ਦੀ ਕੀਮਤ 70 ਰੁਪਏ ਤੋਂ ਵੀ ਵੱਧ ਹੋ ਸਕਦੀ ਹੈ। ਮਾਹਿਰਾਂ ਅਨੁਸਾਰ ਅਜਿਹਾ ਐੱਫ਼ਪੀਆਈ ਇਨਫ਼ਲੋਅਜ਼ ਵਿੱਚ ਦੇਰੀ ਕਾਰਨ ਹੋ ਰਿਹਾ ਹੈ। ਉੱਧਰ ਵਿਦੇਸ਼ੀ ਨਿਵੇਸ਼ `ਚ ਕਮੀ ਹੁੰਦੀ ਜਾ ਰਹੀ ਹੈ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਿੱਤ ਵਾਧਾ ਹੋ ਰਿਹਾ ਹੈ। ਇਸੇ ਕਾਰਨ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੁੰਦਾ ਜਾ ਰਿਹਾ ਹੈ ਤੇ ਇਹ 70 ਰੁਪਏ ਤੋਂ ਵੀ ਮਹਿੰਗਾ ਹੋ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਰੁਪਏ ਦੀ ਮਜ਼ਬੂਤੀ ਲਈ ਜ਼ਰੂਰ ਕੋਈ ਲੋੜੀਂਦਾ ਕਦਮ ਚੁੱਕ ਸਕਦਾ ਹੈ। ਬੀਤੀ 28 ਜੂਨ ਨੂੰ ਡਾਲਰ ਦੀ ਕੀਮਤ 69.10 ਰੁਪਏ ਸੀ; ਇਸ ਤੋਂ ਪਹਿਲਾਂ ਰੁਪਏ ਦੀ ਕੀਮਤ ਇੰਨੀ ਜਿ਼ਆਦਾ ਕਦੇ ਵੀ ਨਹੀਂ ਡਿੱਗੀ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਡਾਲਰ ਦੀ ਕੀਮਤ 68.95 ਰੁਪਏ `ਤੇ ਬੰਦ ਹੋਈ ਸੀ, ਉਹ ਵੀ ਰੁਪਏ ਦੀ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ ਸੀ। ਇੱਕ ਸੀਨੀਅਰ ਬੈਂਕ ਅਧਿਕਾਰੀ ਨੇ ਕਿਹਾ ਕਿ ਹੁਣ ਇਸ ਹਫ਼ਤੇ ਡਾਲਰ ਦੀ ਕੀਮਤ 70 ਰੁਪਏ ਤੋਂ ਵੱਧ ਹੋ ਸਕਦੀ ਹੈ।

ਜਿਹੜੀਆਂ ਕੰਪਨੀਆਂ ਨੇ ਬਾਹਰੀ ਵਪਾਰਕ ਉਧਾਰੀਆਂ ਦਾ ਵਾਪਸੀ ਭੁਗਤਾਨ ਕਰਨਾ ਹੈ, ਉਹ ਹੁਣ ਅਮਰੀਕੀ ਕਰੰਸੀ ਦਾ ਸਟਾਕ ਕਰ ਰਹੀਆਂ ਹਨ। ਭਾਰਤੀ ਰਿਜ਼ਰਵ ਬੈਂਕ ਦੀ ਇਹੋ ਕੋਸਿ਼ਸ਼ ਰਹੇਗੀ ਕਿ ਡਾਲਰ ਦੀ ਕੀਮਤ 69.30 ਰੁਪਏ ਤੋਂ ਨਾ ਵਧੇ। ਜੇ ਕਿਤੇ ਇਹ ਪੱਧਰ ਕਾਇਮ ਨਾ ਰੱਖਿਆ ਜਾ ਸਕਿਆ, ਤਾਂ ਰੁਪਿਆ ਛੇਤੀ ਹੀ 70 ਰੁਪਏ ਨੂੰ ਛੋਹ ਲਵੇਗਾ।

ਕੇਂਦਰੀ ਬੈਂਕ ਨੇ ਸਦਾ ਇਹੋ ਆਖਿਆ ਹੈ ਕਿ ਉਹ ਘਰੇਲੂ ਕਰੰਸੀ ਦਾ ਕੋਈ ਪੱਧਰ ਕਾਇਮ ਰੱਖਣ ਦਾ ਟੀਚਾ ਨਹੀਂ ਮਿੱਥਦਾ ਪਰ ਵਿਦੇਸ਼ੀ ਵਟਾਂਦਰਾ ਬਾਜ਼ਾਰ ਵਿੱਚ ਆਪਣਾ ਦਖ਼ਲ ਜ਼ਰੂਰ ਦਿੰਦਾ ਰਹਿੰਦਾ ਹੈ, ਤਾਂ ਜੋ ਰੁਪਿਆ ਕਿਤੇ ਬਹੁਤਾ ਕਮਜ਼ੋਰ ਨਾ ਹੋ ਜਾਵੇ।

ਬੀਤੀ 29 ਜੂਨ ਨੂੰ ਭਾਰਤ ਕੋਲ ਵਿਦੇਸ਼ੀ ਕਰੰਸੀ ਦਾ ਭੰਡਾਰ 406.058 ਅਰਬ ਡਾਲਰ ਦਾ ਸੀ। ਵਿਸ਼ਲੇਸ਼ਕਾਂ ਅਨੁਸਾਰ ਅਮਰੀਕੀ-ਚੀਨ ਕਾਰੋਬਾਰੀ ਜੰਗ ਦਾ ਦਬਾਅ ਵੀ ਸਾਰੀਆਂ ਏਸ਼ੀਆਈ ਕਰੰਸੀਆਂ `ਤੇ ਲਗਾਤਾਰ ਪੈ ਰਿਹਾ ਹੈ। ਭਾਰਤੀ ਰੁਪਏ `ਤੇ ਇਸ ਦਾ ਬੋਝ ਸਭ ਤੋਂ ਵੱਧ ਪੈ ਰਿਹਾ ਹੈ।

ਬੈਂਕ ਆਫ਼ ਅਮੈਰਿਕਾ ਮੇਰਿਲ ਲਿੰਚ ਦੀ ਇੱਕ ਰਿਪੋਰਟ ਅਨੁਸਾਰ ਜਦੋਂ ਵੀ ਭਾਰਤੀ ਰਿਜ਼ਰਵ ਬੈਂਕ ਆਪਣੀ ਦਰ ਵਧਾਉਂਦਾ ਹੈ, ਤਾਂ ਉਸ ਦਾ ਨੁਕਸਾਨ ਰੁਪਏ ਨੂੰ ਪੁੱਜਦਾ ਹੈ। ਬੀਤੀ 6 ਜੂਨ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਰੈਪੋ ਰੇਟ ਵਧਾਈ ਸੀ, ਤਦ ਤੋਂ ਲੈ ਕੇ ਹੁਣ ਤੱਕ ਰੁਪਏ ਦੀ ਕੀਮਤ ਵਿੱਚ 1.9 ਫ਼ੀ ਸਦੀ ਕਮੀ ਆ ਚੁੱਕੀ ਹੈ।

ਐੱਫ਼ਪੀਆਈ ਫ਼ਲੋਜ਼ ਵਿੱਚ ਦੇਰੀ ਕਾਰਨ ਡਾਲਰ ਦੀ ਕੀਮਤ 70 ਰੁਪਏ ਤੋਂ ਵੀ ਅਗਾਂਹ ਜਾ ਸਕਦੀ ਹੈ ਅਤੇ ਆਰਬੀਆਈ ਨੂੰ ਰੁਪਏ ਦੀ ਕੀਮਤ ਵਿੱਚ ਹੋਰ ਗਿਰਾਵਟ ਨੂੰ ਰੋਕਣ ਲਈ ਐੱਨਆਰਆਈ ਬਾਂਡ ਵੀ ਜਾਰੀ ਕਰਨੇ ਪੈ ਸਕਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dollar may by costlier beyond Rs 70