ਆਰਥਿਕ ਸੁਸਤੀ ਦੇ ਦੌਰ ’ਚੋਂ ਲੰਘ ਰਹੀ ਭਾਰਤੀ ਅਰਥ–ਵਿਵਸਥਾ ਲਈ ਇਹ ਮਾੜੀ ਖ਼ਬਰ ਆਈ ਕਿ ਭਾਰਤ ਦੇ ਕੁੱਲ ਘਰੇਲੂ ਉਤਪਾਦਨ (GDP) ਦਾ ਅੰਕੜਾ ਹੁਣ ਘਟ ਕੇ 4.5 ਫ਼ੀ ਸਦੀ ’ਤੇ ਪੁੱਜ ਗਿਆ ਹੈ। ਇਨ੍ਹਾਂ ਅੰਕੜਿਆਂ ’ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਹੈਰਾਨੀ ਪ੍ਰਗਟਾਈ ਹੈ।
ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਸਾਡੀ ਅਰਥ–ਵਿਵਸਥਾ ਦੀ ਹਾਲਤ ਬਹੁਤ ਚਿੰਤਾਜਨਕ ਹੈ। ਉਨ੍ਹਾਂ GDP ਦੇ ਤਾਜ਼ਾ ਅੰਕੜਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ GDP ਵਾਧਾ ਦਰ 8 ਤੋਂ 9 ਫ਼ੀ ਸਦੀ ਦੀ ਦਰ ਨਾਲ ਹੋ ਸਕਦੀ ਹੈ ਪਰ ਪਿਛਲੀਆਂ ਦੋ ਤਿਮਾਹੀਆਂ ਦੌਰਾਨ ਇਸ ਦਰ ਵਿੱਚ ਗਿਰਾਵਟ ਚਿੰਤਾਜਨਕ ਹੈ।
ਡਾ. ਮਨਮੋਹਨ ਸਿੰਘ ਨੇ ਅੱਗੇ ਕਿਹਾ ਕਿ ਸਿਰਫ਼ ਆਰਥਿਕ ਨੀਤੀਆਂ ’ਚ ਤਬਦੀਲੀ ਨਾਲ ਅਰਥ–ਵਿਵਸਥਾ ਨੂੰ ਮੁੜ–ਸੁਰਜੀਤ ਕਰਨ ਵਿੱਚ ਮਦਦ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੀ ਅਰਥ ਵਿਵਸਥਾ ਵਿੱਚ ਡਰ ਦਾ ਮਾਹੌਲ ਹੈ, ਉਸ ਨੂੰ ਆਤਮ–ਵਿਸ਼ਵਾਸ ਵਿੱਚ ਤਬਦੀਲ ਕਰਨ ਦੀ ਜ਼ਰੂਰਤ ਹੈ।
ਇਸ ਦੌਰਾਨ ਸਰਕਾਰ ਦੇ ਮੁੱਖ ਆਰਇਕਕ ਸਲਾਹਕਾਰ ਕੇਵੀ ਸੁਬਰਾਮਨੀਅਨ ਨੇ ਕਿਹਾ ਹੈ ਕਿ ਤੀਜੀ ਤਿਮਾਹੀ ’ਚ GDP ਰਫ਼ਤਾਰ ਫੜ ਸਕਦੀ ਹੈ। GDP ਅੰਕੜਿਆਂ ਬਾਰੇ ਕੇਵੀ ਸੁਬਰਾਮਨੀਅਨ ਨੇ ਕਿਹਾ ਕਿ ਅਸੀਂ ਇੱਕ ਵਾਰ ਫਿਰ ਆਖ ਰਹੇ ਹਾਂ ਕਿ ਭਾਰਤੀ ਅਰਥ–ਵਿਵਸਥਾ ਦੀ ਬੁਨਿਆਦ ਮਜ਼ਬੂਤ ਬਣੀ ਰਹੇਗੀ।
ਉਨ੍ਹਾਂ ਕਿਹਾ ਕਿ ਤੀਜੀ ਤਿਮਾਹੀ ਵਿੱਚ GDP ਦੇ ਰਫ਼ਤਾਰ ਫੜਨ ਦੀ ਆਸ ਹੈ। ਇੱਥੇ ਵਰਨਣਯੋਗ ਹੈ ਕਿ ਚਾਲੂ ਵਿੱਤੀ ਵਰ੍ਹੇ 2019–2020 ਦੀ ਦੂਜੀ ਤਿਮਾਹੀ ’ਚ GDP ਵਾਧਾ ਦਰ 4.5 ਫ਼ੀ ਸਦੀ ਪੁੱਜ ਗਈ ਹੈ। ਇਹ ਲਗਭਗ 6 ਸਾਲਾਂ ’ਚ ਕਿਸੇ ਇੱਕ ਤਿਮਾਹੀ ਦੀ ਸਭ ਤੋਂ ਵੱਡੀ ਗਿਰਾਵਟ ਹੈ।
ਇਸ ਤੋਂ ਪਹਿਲਾਂ ਮਾਰਚ 2013 ਦੀ ਤਿਮਾਹੀ ਦੌਰਾਨ ਵੀ ਦੇਸ਼ ਦੀ GDP ਦਰ ਇਸੇ ਪੱਧਰ ’ਤੇ ਸੀ। ਇੱਥੇ ਵਰਨਣਯੋਗ ਹੈ ਕਿ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ GDP ਵਾਧਾ ਦਰ 5 ਫ਼ੀ ਸਦੀ ’ਤੇ ਸੀ। ਇਸ ਪੱਖੋਂ ਸਿਰਫ਼ 3 ਮਹੀਨਿਆਂ ਅੰਦਰ GDP ਦੀ ਦਰ ਵਿੱਚ 0.5 ਫ਼ੀ ਸਦੀ ਗਿਰਾਵਟ ਆਈ ਹੈ।