ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੁਣ ਇੱਕ ਵਾਰ ਫਿਰ ਰਾਜ ਸਭਾ ’ਚ ਜਾਣਗੇ। ਇਸ ਵਾਰ ਉਹ ਰਾਜਸਥਾਨ ਤੋਂ ਰਾਜ ਸਭਾ ’ਚ ਜਾਣਗੇ। ਇਸ ਸੂਬੇ ’ਚ ਕਾਂਗਰਸ ਦੀ ਸਰਕਾਰ ਹੈ ਤੇ ਉੱਥੇ ਹੁਣ ਡਾ. ਮਨਮੋਹਨ ਸਿੰਘ ਦੇ ਨਾਂਅ ਉੱਤੇ ਪੂਰੀ ਸਹਿਮਤੀ ਹੋ ਚੁੱਕੀ ਹੈ।
ਭਰੋਸੇਯੋਗ ਸੂਤਰਾਂ ਮੁਤਾਬਕ ਰਾਜ ਸਭਾ ਦੀਆਂ ਦੋ ਸੀਟਾਂ ਲਈ ਜ਼ਿਮਨੀ ਚੋਣਾਂ ਆਉਂਦੀ 26 ਅਗਸਤ ਨੂੰ ਹੋਣੀਆਂ ਤੈਅ ਹਨ। ਚੋਣ ਕਮਿਸ਼ਨ ਇਸ ਬਾਰੇ ਪਹਿਲਾਂ ਐਲਾਨ ਕਰ ਚੁੱਕਾ ਹੈ।
ਇੱਕ ਸੀਟ ਭਾਰਤੀ ਜਨਤਾ ਪਾਰਟੀ ਦੇ ਮਦਨ ਲਾਲ ਸੈਨੀ ਦੇ ਬੀਤੇ ਜੂਨ ਮਹੀਨੇ ਹੋਏ ਦੇਹਾਂਤ ਕਾਰਨ ਰਾਜਸਥਾਨ ਤੋਂ ਖ਼ਾਲੀ ਹੋਈ ਸੀ। ਦੂਜੀ ਸੀਟ ਉੱਤਰ ਪ੍ਰਦੇਸ਼ ’ਚ ਖ਼ਾਲੀ ਹੋਈ ਸੀ; ਜਦੋਂ ਸਮਾਜਵਾਦੀ ਪਾਰਟੀ ਦੇ ਆਗੂ ਨੀਰਜ ਸ਼ੇਖਰ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ ਸਨ। ਤਦ ਉਨ੍ਹਾਂ ਰਾਜ ਸਭਾ ਦੀ ਸੀਟ ਵੀ ਛੱਡ ਦਿੱਤੀ ਸੀ।
ਇੱਕ ਭਾਜਪਾ ਆਗੂ ਨੇ ਦੱਸਿਆ ਕਿ ਨੀਰਜ ਸ਼ੇਖਰ ਇਸੇ ਸ਼ਰਤ ਉੱਤੇ ਸਮਾਜਵਾਦੀ ਪਾਰਟੀ ਛੱਡ ਕੇ ਭਾਜਪਾ ’ਚ ਆਏ ਸਨ ਕਿ ਉਨ੍ਹਾਂ ਦੀ ਰਾਜ ਸਭਾ ਦੀ ਮੈਂਬਰੀ ਖ਼ਤਮ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਤੋਂ ਦੋਬਾਰਾ ਪਾਰਟੀ ਉਮੀਦਵਾਰ ਬਣਾਇਆ ਜਾਵੇਗਾ।
ਸ੍ਰੀ ਸ਼ੇਖਰ ਦਾ ਕਾਰਜਕਾਲ ਨਵੰਬਰ 2020 ’ਚ ਖ਼ਤਮ ਹੋ ਜਾਣਾ ਸੀ।
ਡਾ. ਮਨਮੋਹਨ ਸਿੰਘ ਕੁਝ ਲੰਮੇ ਸਮੇਂ ਲਈ ਚੁਣੇ ਜਾਣਗੇ। ਸ੍ਰੀ ਮਦਨ ਲਾਲ ਸੈਣੀ ਦਾ ਕਾਰਜਕਾਲ ਅਪ੍ਰੈਲ 2024 ਤੱਕ ਚੱਲਣਾ ਸੀ।
ਡਾ. ਮਨਮੋਹਨ ਸਿੰਘ ਦਾ ਰਾਜ ਸਭਾ ਦਾ ਕਾਰਜਕਾਲ ਪਹਿਲੀ ਵਾਰ 1991 ਤੋਂ ਸ਼ੁਰੂ ਹੋਇਆ ਸੀ।