ਤੁਸੀਂ ਕਦੇ ਅਜਿਹੀ ਖ਼ਬਰ ਸ਼ਾਇਦ ਹੀ ਪਹਿਲਾਂ ਸੁਣੀ ਹੋਵੇ ਕਿ ਟੁੱਟੀਆਂ ਵਸਤਾਂ ਤੁਰੰਤ ਜੋੜਨ ਵਾਲੀ ਆਧੁਨਿਕ ਗੂੰਦ (ਜੋ ‘ਐਲਫ਼ੀ` ਤੇ ‘ਫ਼ੈਵੀਕੁਇਕ` ਜਿਹੇ ਹੋਰ ਬਹੁਤ ਸਾਰੇ ਬ੍ਰਾਂਡ ਨਾਵਾਂ ਨਾਲ ਬਾਜ਼ਾਰ ਵਿੱਚ ਆਮ ਮਿਲ ਜਾਂਦੀ ਹੈ) ਕਦੇ ਕਿਸੇ ਮਨੁੱਖ ਦੀ ਜਾਨ ਵੀ ਲੈ ਸਕਦੀ ਹੈ। ਪਰ ਅਜਿਹਾ ਭਾਣਾ ਵੀ ਮੱਧ ਪ੍ਰਦੇਸ਼ `ਚ ਵਰਤ ਗਿਆ ਹੈ।
ਇਹ ਘਟਨਾ ਵਿਦਿਸ਼ਾ ਦੀ ਰਾਜਪੂਤ ਕਾਲੋਨੀ `ਚ ਵਾਪਰੀ; ਜਦੋਂ ਪਤੀ ਨੇ ਆਪਣੀ 35 ਸਾਲਾ ਪਤਨੀ ਦੁਰਗਾ ਬਾਈ ਦੇ ਮੂੰਹ, ਨੱਕ ਤੇ ਅੱਖਾਂ `ਚ ‘ਫ਼ੈਵੀਕੁਇੱਕ` ਪਾ ਦਿੱਤੀ। ਦੁਰਗਾ ਬਾਈ ਦਾ ਦਮ ਘੁੱਟ ਗਿਆ ਤੇ ਉਹ ਦਮ ਤੋੜ ਗਈ। ਕੋਤਵਾਲੀ ਪੁਲਿਸ ਥਾਣੇ ਦੇ ਇੰਸਪੈਕਟਰ ਆਰਐੱਨ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਤੀ ਹਲਕੇਰਾਮ ਕੁਸ਼ਵਾਹਾ ਨੇ ਇਹ ਘਿਨਾਉਣਾ ਕਾਰਾ ਕਰਨ ਤੋਂ ਪਹਿਲਾਂ ਆਪਣੇ ਦੋਵੇਂ ਪੁੱਤਰਾਂ ਨੂੰ ਘਰੋਂ ਬਾਹਰ ਭੇਜ ਦਿੱਤਾ ਤੇ ਆਪਣੀ ਪਤਨੀ ਨੂੰ ਮਾਰਨ ਲਈ ਗੂੰਦ ਦੀ ਵਰਤੋਂ ਕੀਤੀ।
ਇਸ ਘਟਨਾ ਦਾ ਪਤਾ ਸਭ ਨੂੰ ਉਦੋਂ ਲੱਗਾ, ਜਦੋਂ ਦੋਵੇਂ ਨਾਬਾਲਗ਼ ਬੱਚੇ ਸ਼ਾਮੀਂ ਘਰ ਪਰਤੇ ਅਤੇ ਆਪਣੀ ਮਾਂ ਨੂੰ ਬੇਸੁਰਤ ਪਈ ਵੇਖਿਆ।
ਪੁਲਿਸ ਅਧਿਕਾਰੀ ਅਨੁਸਾਰ 15 ਸਾਲਾ ਬੱਚੇ ਨੇ ਪੁਲਿਸ ਕੋਲ ਆ ਕੇ ਸਿ਼ਕਾਇਤ ਦਰਜ ਕਰਵਾਈ ਤੇ ਉਸ ਤੋਂ ਬਾਅਦ ਹਲਕੇਰਾਮ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ। ਉਸ ਦੀ ਭਾਲ ਜਾਰੀ ਹੈ।
ਬੱਚਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਪਿਤਾ ਸ਼ਰਾਬੀ ਹੈ ਤੇ ਅਕਸਰ ਉਨ੍ਹਾਂ ਦੀ ਮਾਂ ਨਾਲ ਝਗੜਦਾ ਹੀ ਰਹਿੰਦਾ ਸੀ। ਵੱਡੇ ਪੁੱਤਰ ਨੇ ਇਹ ਵੀ ਦੱਸਿਆ ਕਿ ਪਹਿਲਾਂ ਮੁਲਜ਼ਮ ਨੇ ਆਪਣੀ ਪਤਨੀ ਨੂੰ ਜ਼ਹਿਰ ਦੇ ਕੇ ਵੀ ਮਾਰਨ ਦੀ ਕੋਸਿ਼ਸ਼ ਕੀਤੀ ਸੀ। ਦਰਅਸਲ, ਪਤਨੀ ਅਕਸਰ ਹਲਕੇਰਾਮ ਨੂੰ ਸ਼ਰਾਬ ਪੀਣ ਤੋਂ ਵਰਜਦੀ ਰਹਿੰਦੀ ਸੀ; ਜਿਸ ਤੋਂ ਉਹ ਰੋਹ `ਚ ਆ ਜਾਂਦਾ ਸੀ।
ਮੱਧ ਪ੍ਰਦੇਸ਼ ਦੇ ਰੇਵਾ ਜਿ਼ਲ੍ਹੇ `ਚ ਮਈ 2016 ਨੂੰ ਵੀ ਅਜਿਹੀ ਇੱਕ ਵਾਰਦਾਤ ਵਾਪਰੀ ਸੀ, ਜਦੋਂ ਇੱਕ ਔਰਤ ਨੇ ਆਪਣੇ ਸ਼ਰਾਬੀ ਪਤੀ ਦੀਆਂ ਅੱਖਾਂ `ਚ ਉਹੀ ਗੂੰਦ ਪਾ ਦਿੱਤੀ ਸੀ, ਜਦੋਂ ਉਹ ਸੁੱਤਾ ਪਿਆ ਸੀ।