ਲੁਧਿਆਣਾ ਦੇ ਹਸਪਤਾਲਾਂ 'ਚ ਮਰੀਜ਼ਾਂ ਦਾ ਬੁਰਾ ਹਾਲ, ਲੱਗੀਆਂ ਲੰਮੀਆਂ ਲਾਈਨਾਂ
ਦੇਸ਼ ਭਰ ਦੇ ਡਾਕਟਰ ਅੱਜ (ਸੋਮਵਾਰ ਨੂੰ) ਹੜਤਾਲ ਉੱਤੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਐਤਵਾਰ ਨੂੰ ਕਿਹਾ ਸੀ ਕਿ ਉਹ ਪਹਿਲਾਂ ਤੋਂ ਐਲਾਨੇ ਹੜਤਾਲ ਦੇ ਫ਼ੈਸਲੇ ਉੱਤੇ ਕਾਇਮ ਹਨ। ਆਈਐਮਏ ਨੇ ਇਹ ਫ਼ੈਸਲਾ ਪੱਛਮੀ ਬੰਗਾਲ ਵਿੱਚ ਡਾਕਟਰਾਂ ਦੀ ਕੁੱਟਮਾਰ ਤੋਂ ਬਾਅਦ ਚੱਲ ਰਹੇ ਅੰਦੋਲਨ ਦੇ ਸਮੱਰਥਨ ਵਿੱਚ ਲਿਆ ਹੈ।
ਅੰਦੋਲਨਕਾਰੀ ਡਾਕਟਰਾਂ ਦੇ ਸਮੱਰਥਨ ਦੇ ਹੱਕ ਵਿੱਚ ਅੱਜ ਚੰਡੀਗੜ੍ਹ, ਪੰਜਾਬ ਤੇ ਹੋਰਨਾਂ ਥਾਵਾਂ ਵਿੱਚ ਡਾਕਟਰਾਂ ਵੱਲੋਂ ਹੜਤਾਲ ਅਤੇ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ।
ਇਸੇ ਦੇ ਚਲਦਿਆਂ ਅੱਜ ਲੁਧਿਆਣਾ ਵਿਖੇ ਡਾਕਟਰਾਂ ਨੇ ਸੜਕਾਂ ਉੱਤੇ ਮਨੁੱਖੀ ਲੜੀ ਬਣਾ ਕੇ ਟ੍ਰੈਫਿਕ ਨੂੰ ਜਾਮ ਕੀਤਾ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਨਾਹਰੇਬਾਜ਼ੀ ਕੀਤੀ।
ਦੂਜੇ ਪਾਸੇ ਲੁਧਿਆਣਾ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਹੜਤਾਲ ਦੇ ਮੱਦੇਨਜ਼ਰ ਮਰੀਜ਼ ਖੱਜਲ-ਖੁਆਰ ਹੁੰਦੇ ਰਹੇ। ਓਪੀਡੀ ਦੇ ਬਾਹਰ ਲੋਕ ਲਾਈਨਾਂ ਲਗਾ ਕੇ ਡਾਕਟਰਾਂ ਦੀ ਉਡੀਕ ਕਰ ਰਹੇ ਸਨ। ਇਸੇ ਦੌਰਾਨ ਲੁਧਿਆਣਾ ਸਿਵਲ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਵੀ ਬੰਦ ਰਹੀਆਂ। ਮਰੀਜ਼ ਐਮਰਜੈਂਸੀ ਗੇਟ ਦੇ ਬਾਹਰ ਗੇਟ ਖੁਲ੍ਹਣ ਦਾ ਇੰਤਜ਼ਾਰ ਕਰ ਰਹੇ ਸਨ।
ਇਸੇ ਤਰ੍ਹਾਂ ਦਾ ਹੀ ਨਜ਼ਾਰਾ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਖੇ ਓਪੀਡੀ ਦੇ ਬਾਹਰ ਦਿਖਾਈ ਦਿੱਤਾ। ਮਰੀਜ਼ਾਂ ਦੀਆਂ ਲੰਮੀਆਂ ਲਾਈਨਾਂ ਡਾਕਟਰ ਦੇ ਆਉਣ ਦੀ ਉਡੀਕ ਵਿੱਚ ਸਨ।
ਆਖ਼ਰਕਾਰ ਡਾਕਟਰਾਂ ਦੀ ਹੜਤਾਲ ਦੇ ਚਲਦਿਆਂ ਮਰੀਜ਼ਾਂ ਨੂੰ ਬੇਰੰਗ ਹੀ ਆਪਣੇ ਘਰਾਂ ਨੂੰ ਪਰਤਣਾ ਪਿਆ।
ਦੂਜੇ ਪਾਸੇ ਖ਼ਬਰ ਆਈ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਅੰਦੋਲਨਕਾਰੀ ਡਾਕਟਰਾਂ ਨੂੰ ਮਿਲ ਸਕਦੀ ਹੈ। ਜੇਕਰ ਇਹ ਮੁਲਾਕਾਤ ਸਫ਼ਲ ਹੋ ਜਾਂਦੀ ਹੈ ਤਾਂ ਆਉਂਦੇ ਦਿਨਾਂ ਵਿੱਚ ਹਸਪਤਾਲਾਂ ਅੰਦਰ ਸੁਚਾਰੂ ਸਿਹਤ ਸਹੂਲਤਾਂ ਮਿਲਣ ਦੀ ਆਸ ਹੈ।