ਅੱਜ 4 ਮਈ ਤੋਂ ਦੇਸ਼ 'ਚ ਲੌਕਡਾਊਨ 3.0 ਸ਼ੁਰੂ ਹੋ ਗਿਆ ਹੈ। ਲੌਕਡਾਊਨ ਦੇ ਇਸ ਤੀਜੇ ਪੜਾਅ 'ਚ ਸਰਕਾਰ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਰੈੱਡ ਜ਼ੋਨ ਨੂੰ ਲੈ ਕੇ ਹੈ। ਅਗਲੇ 14 ਦਿਨ 'ਚ ਇਨ੍ਹਾਂ ਇਲਾਕਿਆਂ ਦਾ ਰੰਗ ਓਰੇਂਜ ਕਰਨ ਦੀ ਚੁਣੌਤੀ ਹੈ। ਇਨ੍ਹਾਂ ਇਲਾਕਿਆਂ 'ਚ ਕੇਸ ਲਗਾਤਾਰ ਵੱਧ ਰਹੇ ਹਨ ਅਤੇ ਇਨ੍ਹਾਂ 'ਚ ਜ਼ਿਆਦਾਤਰ ਉਹ ਸ਼ਹਿਰ ਸ਼ਾਮਲ ਹਨ, ਜੋ ਕਾਰੋਬਾਰੀ, ਰਾਜਨੀਤਿਕ ਤੇ ਆਰਥਿਕ ਗਤੀਵਿਧੀਆਂ ਲਈ ਬਹੁਤ ਮਹੱਤਵਪੂਰਨ ਹਨ। ਨਾਲ ਹੀ ਇਨ੍ਹਾਂ 'ਚ ਸੰਘਣੀ ਆਬਾਦੀ ਵੀ ਮੌਜੂਦ ਹੈ।
ਲੌਕਡਾਊਨ 3.0 'ਚ ਇਨ੍ਹਾਂ ਖੇਤਰਾਂ 'ਤੇ ਸੱਭ ਤੋਂ ਵੱਧ ਧਿਆਨ ਕੇਂਦਰਿਤ ਕੀਤਾ ਜਾਣਾ ਹੈ। ਇੱਥੇ ਘਰ-ਘਰ ਸਰਵੇਖਣ, ਰੋਜ਼ਾਨਾ ਟੈਸਟਾਂ ਦੀ ਗਿਣਤੀ ਵਧਾਉਣ ਅਤੇ ਇੱਕ ਦਿਨ 'ਚ ਰਿਪੋਰਟ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਲੌਡਾਊਨ ਦੇ ਦੋ ਪੜਾਵਾਂ 'ਚ ਸਰਕਾਰ ਨੇ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਕੋਰੋਨਾ ਦੀ ਲਾਗ ਦੇ ਤੇਜ਼ੀ ਨਾਲ ਫੈਲਣ ਨੂੰ ਰੋਕਣ ਵਿੱਚ ਸਫਲਤਾ ਹਾਸਿਲ ਕੀਤੀ ਹੈ, ਪਰ ਰੈੱਡ ਜ਼ੋਨ ਖੇਤਰਾਂ ਵਿੱਚ ਅਜੇ ਵੀ ਖ਼ਤਰਾ ਬਣਾਇਆ ਹੋਇਆ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ 17 ਮਈ ਤਕ ਸਾਰੇ ਰੈੱਡ ਜ਼ੋਨਾਂ ਨੂੰ ਓਰੇਂਜ ਜ਼ੋਨ 'ਚ ਲਿਆਇਆ ਜਾਵੇ। ਇਸ ਦੇ ਲਈ ਉਹ ਸਖ਼ਤੀ ਵੀ ਵਧਾਏਗੀ ਅਤੇ ਦਿੱਤੀ ਗਈ ਢਿੱਲ ਨੂੰ ਯੋਜਨਾਬੱਧ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਲਾਗ ਘੱਟੋ-ਘੱਟ ਫੈਲੇ। ਮੱਧ ਪ੍ਰਦੇਸ਼ 'ਚ ਹੁਣ ਸ਼ਰਾਬ ਦੀਆਂ ਦੁਕਾਨਾਂ 17 ਮਈ ਤਕ ਬੰਦ ਰਹਿਣਗੀਆਂ।
ਇਕ ਦਿਨ 'ਚ ਰਿਕਾਰਡ 83 ਮੌਤਾਂ
ਦੇਸ਼ 'ਚ ਪਿਛਲੇ 24 ਘੰਟੇ ਦੌਰਾਨ ਰਿਕਾਰਡ 83 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ ਸੰਕਰਮਣ ਦੇ 2487 ਨਵੇਂ ਮਾਮਲੇ ਵੀ ਸਾਹਮਣੇ ਆਏ, ਜਿਸ ਕਾਰਨ ਦੇਸ਼ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 40 ਹਜ਼ਾਰ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ 40,263 ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1306 ਹੋ ਗਈ ਹੈ। ਸਿਹਤਮੰਦ ਲੋਕਾਂ ਦੀ ਗਿਣਤੀ ਵੀ ਵਧੀ ਹੈ। ਹੁਣ ਤਕ ਕੁੱਲ 10,887 ਲੋਕ ਸਿਹਤਮੰਦ ਹੋ ਚੁੱਕੇ ਹਨ। ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੁੱਲ 28,070 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਘਰ ਪਹੁੰਚਣ ਵਾਲੇ ਲੋਕਾਂ 'ਤੇ ਨਜ਼ਰ ਰੱਖੀ ਜਾਵੇਗੀ
ਪ੍ਰਵਾਸੀ ਮਜ਼ਦੂਰਾਂ ਤੇ ਵਿਦਿਆਰਥੀਆਂ ਦੇ ਆਪਣੇ ਘਰਾਂ ਨੂੰ ਪਰਤਣਾ ਵੀ ਮੁਸੀਬਤ ਦਾ ਕਾਰਨ ਹੈ, ਕਿਉਂਕਿ ਉਨ੍ਹਾਂ 'ਤੇ ਅਗਲੇ ਦੋ ਹਫ਼ਤਿਆਂ ਲਈ ਤਿੱਖੀ ਨਜ਼ਰ ਰੱਖਣੀ ਪਵੇਗੀ। ਨਾਲ ਹੀ ਉਨ੍ਹਾਂ ਨੂੰ ਕੁਆਰੰਟੀਨ ਕਰਨ ਤੋਂ ਲੈ ਕੇ ਰੁਜ਼ਗਾਰ ਤਕ ਦਾ ਪ੍ਰਬੰਧ ਕਰਨਾ ਪਵੇਗਾ। ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਇਸ ਸਬੰਧ ਵਿੱਚ ਕਈ ਕਦਮ ਚੁੱਕੇ ਹਨ, ਪਰ ਅਜੇ ਤਕ ਦੂਜੇ ਸੂਬਿਆਂ ਤੋਂ ਪੂਰੀ ਰਿਪੋਰਟ ਨਹੀਂ ਮਿਲੀ ਹੈ। ਰੈੱਡ ਜ਼ੋਨ ਵਾਲੇ ਇਲਾਕਿਆਂ ਵਿੱਚ ਲੰਬੇ ਸਮੇਂ ਤਕ ਸਖ਼ਤ ਪਾਬੰਦੀਆਂ ਰਹਿਣਗੀਆਂ। ਤੀਜੇ ਪੜਾਅ ਦੇ ਖਤਮ ਹੋਣ ਤੋਂ ਬਾਅਦ ਵੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ।