ਬਾਲੀਵੁੱਡ ਤੇ ਤਾਮਿਲ ਫਿ਼ਲਮਾਂ ਦੇ ਸਟਾਰ ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਸਨ ਦੀ ਪਾਰਟੀ ‘ਮੱਕਲ ਨੀਧੀ ਮਾਇਮ` (ਐੱਮਐੱਨਐੱਮ) ਨੂੰ ਚੋਣ ਕਮਿਸ਼ਨ ਤੋਂ ਮਾਨਤਾ ਮਿਲ ਗਈ ਹੈ। ਚੋਣ ਕਮਿਸ਼ਨ ਨੇ ਇਸ ਨੂੰ ਸ਼ੁੱਕਰਵਾਰ ਨੂੰ ਬਾਕਾਇਦਾ ਇੱਕ ਸਿਆਸੀ ਪਾਰਟੀ ਵਜੋਂ ਰਜਿਸਟਰਡ ਕੀਤਾ। ਪਾਰਟੀ ਨੂੰ ਇਸ ਰਜਿਸਟ੍ਰੇਸ਼ਨ ਨਾਲ ਸਬੰਧਤ ਦਸਤਾਵੇਜ਼ ਅਗਲੇ ਹਫ਼ਤੇ ਦੇ ਅਰੰਭ ਵਿੱਚ ਹੀ ਮਿਲ ਜਾਣਗੇ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ।
ਕਮਲ ਹਸਨ ਬੁੱਧਵਾਰ ਨੂੰ ਦਿੱਲੀ ਆਏ ਸਨ ਤੇ ਉਹ ਆਪਣੀ ਪਾਰਟੀ ਦੀ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣ ਲਈ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੁੰ ਮਿਲੇ ਸਨ। ਕਮਲ ਹਸਨ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਪਾਰਟੀ ਬਾਰੇ ਉਨ੍ਹਾਂ ਤੋਂ ਕਈ ਤਰ੍ਹਾਂ ਦੇ ਸੁਆਲ ਪੁੱਛੇ ਸਨ। ਸਾਰੀਆਂ ਖਾਨਾ-ਪੂਰਤੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਕਮਲ ਹਸਨ ਨੇ ਬੀਤੇ ਫ਼ਰਵਰੀ ਮਹੀਨੇ ਦੌਰਾਨ ਮਦੁਰਾਇ ਵਿਖੇ ਆਪਣੀ ਇੱਕ ਵੱਖਰੀ ਸਿਆਸੀ ਪਾਰਟੀ ਕਾਇਮ ਕਰਨ ਦਾ ਐਲਾਨ ਕੀਤਾ ਸੀ। ਪਾਰਟੀ ਦੇ ਨਾਂਅ ‘ਮੱਕਲ ਨੀਧੀ ਮਾਇਮ` ਦਾ ਮਤਲਬ ਹੈ ‘ਲੋਕ ਨਿਆਂ ਕੇਂਦਰ`।