ਚੋਣ ਕਮਿਸ਼ਨ (EC – ਇਲੈਕਸ਼ਨ ਕਮਿਸ਼ਨ) ਨੇ ਦਾਖਾ ਵਿਧਾਨ ਸਭਾ ਹਲਕੇ ਦੇ ਜ਼ਿਮਨੀ ਚੋਣ ਦੀ ਸੁਰੱਖਿਆ ਤੇ ਚੋਣ ਜ਼ਾਬਤੇ ਨਾਲ ਸਾਰੇ ਮਾਮਲਿਆਂ ਦਾ ਚਾਰਜ ਡੀਆਈਜੀ ਰੇਂਜ ਰਣਬੀਰ ਖਟੜਾ ਨੂੰ ਸੌਂਪ ਦਿੱਤਾ ਹੈ। ਪਹਿਲਾਂ ਇਹ ਤਾਕਤਾਂ ਐੱਸਐੱਸਪੀ (ਦਿਹਾਤੀ) ਸੰਦੀਪ ਗੋਇਲ ਕੋਲ ਸਨ ਪਰ ਹੁਣ ਦਾਖਾ ਜ਼ਿਮਨੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਸ੍ਰੀ ਗੋਇਲ ਇਹ ਚਾਰਜ ਦੋਬਾਰਾ ਨਹੀਂ ਸੰਭਾਲ ਸਕਣਗੇ। ਇਹ ਕਾਰਵਾਈ ਸ੍ਰੀ ਗੋਇਲ ਵਿਰੁੱਧ ਮਿਲੀਆਂ ਸ਼ਿਕਾਇਤਾਂ ਦੇ ਆਧਾਰ ਉੱਤੇ ਇਹ ਕਾਰਵਾਈ ਕੀਤੀ ਗਈ ਹੈ।
ਕੱਲ੍ਹ ਦਾਖਾ ਹਲਕੇ ਦੇ ਪਿੰਡ ਸਰਾਭਾ ’ਚ ਤਣਾਅ ਪੈਦਾ ਹੋਣ ਦੇ ਇੱਕ ਦਿਨ ਬਾਅਦ ਚੋਣ ਕਮਿਸ਼ਨ ਨੇ ਐੱਸਐੱਸਪੀ ਵਿਰੁੱਧ ਹੁਕਮ ਜਾਰੀ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਜ਼ੀਰਾ ਉੱਤੇ ਵੋਟਰਾਂ ਉੱਤੇ ਆਪਣਾ ਪ੍ਰਭਾਵ ਪਾਉਣ ਦੇ ਦੋਸ਼ ਲਾਏ ਸਨ।
ਇਸੇ ਦੌਰਾਨ ਲੁਧਿਆਣਾ ਤੋਂ ‘ਹਿੰਦੁਸਤਾਨ ਟਾਈਮਜ਼’ ਦੇ ਨੁਮਾਇੰਦੇ ਤਰਸੇਮ ਦਿਓਗਣ ਦੀ ਰਿਪੋਰਟ ਮੁਤਾਬਕ ਚੋਣ ਕਮਿਸ਼ਨ ਨੇ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਉਹ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵਿਰੁੱਧ ਕਾਰਵਾਈ ਕਰੇ।
ਦਰਅਸਲ, ਸ੍ਰੀ ਇਆਲੀ ਨੇ ਅੱਜ ਸਵੇਰੇ ਆਪਣੇ ਫ਼ੇਸਬੁੱਕ ਪੰਨੇ ’ਤੇ ਲਾਈਵ ਹੁੰਦਿਆਂ ਵੋਟਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ।
ਅੱਜ ਸ਼ਾਮੀਂ 6 ਵਜੇ ਵੋਟਾਂ ਪੈਣ ਦੀ ਜਮਹੂਰੀ ਪ੍ਰਕਿਰਿਆ ਮੁਕੰਮਲ ਹੋਣ ਤੱਕ ਕੋਈ ਵੀ ਉਮੀਦਵਾਰ ਕਿਸੇ ਵੀ ਸਾਧਨ ਰਾਹੀਂ ਆਪਣਾ ਪ੍ਰਚਾਰ ਨਹੀਂ ਕਰ ਸਕਦਾ। ਇਸ ਲਈ ਫ਼ੇਸਬੁੱਕ ਪੰਨੇ ਉੱਤੇ ਲਾਈਵ ਹੋਣਾ ਵੀ ਚੋਣ ਜ਼ਾਬਤੇ ਦੀ ਉਲੰਘਣਾ ਮੰਨੀ ਜਾਂਦੀ ਹੈ।
ਦਾਖਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸ੍ਰੀ ਸੰਦੀਪ ਸਿੰਘ ਸੰਧੂ, ਸ਼੍ਰੋਮਣੀ਼ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ, ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਮੋਹੀ, ਆਪਣਾ ਪੰਜਾਬ ਪਾਰਟੀ ਦੇ ਸਿਮਰਨਦੀਪ ਸਿੰਘ ਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਚੋਣ ਮੈਦਾਨ ਚ ਡਟੇ ਹੋਏ ਹਨ।
ਦਾਖਾ ਹਲਕੇ ’ਚ ਵੋਟਰਾਂ ਦੀ ਗਿਣਤੀ 1 ਲੱਖ 84 ਹਜ਼ਾਰ 723 ਹੈ ਤੇ ਉਨ੍ਹਾਂ ਦੇ ਵੋਟ ਪਾਉਣ ਲਈ 220 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਹਨ।