ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ (ਮਨੀ–ਲਾਂਡਰਿੰਗ) ਦੇ ਮਾਮਲੇ ਵਿੱਚ ਅੱਜ ਵੀਰਵਾਰ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ED – Enforcement Directorate) ਨੇ ਕਾਰੋਬਾਰੀ ਰਾਬਰਟ ਵਾਡਰਾ ਤੋਂ ਲਗਭਗ 9 ਘੰਟੇ ਪੁੱਛਗਿੱਛ ਕੀਤੀ। ਪ੍ਰਿਯੰਕਾ ਗਾਂਧੀ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਦਫ਼ਤਰ ਦੇ ਬਾਹਰ ਆਪਣੇ ਪਤੀ ਵਾਡਰਾ ਨੂੰ ਲਿਆ ਤੇ ਉੱਥੋਂ ਚਲੇ ਗਏ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਰਾਬਰਟ ਵਾਡਰਾ ਤੋਂ ਕੱਲ੍ਹ ਬੁੱਧਵਾਰ ਨੂੰ ਛੇ ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ ਸੀ। ਜਾਂਚ ਅਧਿਕਾਰੀਆਂ ਨੇ ਉਨ੍ਹਾਂ ਦੇ ਬਿਆਨ ਰਿਕਾਰਡ ਕੀਤੇ।
ਅਦਾਲਤ ਵੱਲੋਂ ਵਾਡਰਾ ਨੂੰ ਕੇਂਦਰੀ ਜਾਂਚ ਏਜੰਸੀ ਸਾਹਵੇਂ ਪੇਸ਼ ਹੋਣ ਲਈ ਦਿੱਤੀ ਹਦਾਇਤ ਤੋਂ ਬਾਅਦ ਇਹ ਪੁੱਛਗਿੱਛ ਕੀਤੀ ਗਈ।
ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਇੱਕ ਅਧਿਕਾਰੀ ਨੇ ਨਾਂਅ ਨਾ ਦੱਸਣ ਦੀ ਸ਼ਰਤ ਉੱਤੇ ਦੱਸਿਆ ਕਿ – ‘ਵਾਡਰਾ ਦੇ ਜਵਾਬਾਂ ਦੀ ਸਮੀਖਿਆ ਕਰਨ ਤੋਂ ਬਾਅਦ ਅਸੀਂ ਇਹ ਫ਼ੈਸਲਾ ਲਵਾਂਗੇ ਕਿ ਉਨ੍ਹਾਂ ਨੂੰ ਕੀ ਅਗਲੇ ਦੌਰ ਦੀ ਪੁੱਛਗਿੱਛ ਲਈ ਸੱਦਣਾ ਚਾਹੀਦਾ ਹੈ ਜਾਂ ਨਹੀਂ।’
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਵਿੱਚ ਉਹ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਸਾਹਮਣੇ ਆਉਂਦੀ 12 ਫ਼ਰਵਰੀ ਨੂੰ ਇੱਕ ਹੋਰ ਮਾਮਲੇ ਵਿੱਚ ਵੀ ਪੇਸ਼ ਹੋਣਗੇ।