ਰਾਬਰਡ ਵਾਡਰਾ ਆਪਣੀ ਪਤਨੀ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਅੱਜ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ ਮਾਮਲੇ ਦੀ ਜਾਂਚ ਲਈ ਇਨਫ਼ੋਰਸਮੈਂਟ ਡਾਇਰੈਕਟੋਰੇਟ (ED –Enforcement Directorate) ਸਾਹਵੇਂ ਪੇਸ਼ ਹੋਏ। ਇਨਫ਼ੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਰਾਬਰਟ ਵਾਡਰਾ ਦੀ ਪੇਸ਼ੀ ਮੌਕੇ ਪ੍ਰਿਯੰਕਾ ਗਾਂਧੀ ਨੇ ਕਿਹਾ,‘ਮੈਂ ਆਪਣੇ ਪਤੀ ਨਾਲ ਖੜ੍ਹੀ ਹਾਂ।’ ਸ੍ਰੀਮਤੀ ਪ੍ਰਿਯੰਕਾ ਗਾਂਧੀ ਆਪਣੇ ਪਤੀ ਰਾਬਰਟ ਵਾਡਰਾ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਛੱਡਣ ਆਏ ਸਨ।
ਇਸ ਤੋਂ ਪਹਿਲਾਂ ਦਿੱਲੀ ਦੀ ਇੱਕ ਅਦਾਲਤ ਨੇ ਮਨੀ–ਲਾਂਡਰਿੰਗ (ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ) ਦੇ ਮਾਮਲੇ ਵਿੱਚ ਰਾਬਰਟ ਵਾਡਰਾ ਨੂੰ 16 ਫ਼ਰਵਰੀ ਤੱਕ ਅੰਤ੍ਰਿਮ ਜ਼ਮਾਨਤ ਦਿੱਤੀ ਸੀ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਇਹ ਮਾਮਲਾ ਦਰਜ ਕੀਤਾ ਸੀ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਵਾਡਰਾ ਨੂੰ ਛੇ ਫ਼ਰਵਰੀ ਨੂੰ ED ਸਾਹਵੇਂ ਪੇਸ਼ ਹੋਣ ਤੇ ਜਾਂਚ ਵਿੱਚ ਸਹਿਯੋਗ ਕਰਨ ਦੀ ਹਦਾਇਤ ਜਾਰੀ ਕੀਤੀ ਸੀ।
ਇੱਥੇ ਵਰਨਣਯੋਗ ਹੈ ਕਿ ਇਹ ਸਾਰਾ ਮਾਮਲਾ ਲੰਦਨ ਵਿੱਚ ਇੱਕ ਸੰਪਤੀ ਖ਼ਰੀਦਣ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ, ਜਿਸ ਦੇ ਮਾਲਕ ਕਥਿਤ ਤੌਰ ’ਤੇ ਰਾਬਰਟ ਵਾਡਰਾ ਹਨ। ਲੰਦਨ ਦੇ 12, ਬ੍ਰਾਇਨਸੈੱਟ ਸਕੁਏਰ ਸਥਿਤ ਇਸ ਸੰਪਤੀ ਦੀ ਕੀਮਤ 19 ਲੱਖ ਪੌਂਡ ਹੈ।
ਇਨਫ਼ੋਰਸਮੈਂਟ ਡਾਇਰੈਕਟੋਰੇਟ ਲੰਦਨ ਵਿੱਚ 19 ਲੱਖ ਪੌਂਡ ਦੀ ਜਾਇਦਾਦ ਖ਼ਰੀਦ ਉੱਤੇ ਮਨੀ–ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਏਜੰਸੀ ਦਾ ਦਾਅਵਾ ਹੈ ਕਿ ਇਹ ਰਾਬਰਟ ਵਾਡਰਾ ਦੀ ਜਾਇਦਾਦ ਹੈ, ਜਦ ਕਿ ਕਾਂਗਰਸ ਨੇ ਵਾਡਰਾ ਵਿਰੁੱਧ ED ਦੀ ਜਾਂਚ ਨੂੰ ਸੱਤਾਧਾਰੀ NDA ਸਰਕਾਰ ਦੀ ਇੱਕ ਬਦਲਾ–ਲਊ ਕਾਰਵਾਈ ਕਰਾਰ ਦਿੱਤਾ ਹੈ। ਕਾਂਗਰਸ ਨੇ ਇਹ ਵੀ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਜਾਂਚ ਏਜੰਸੀ ਦੀ ਵਰਤੋਂ ਆਪਣੇ ਫ਼ਾਇਦੇ ਲਈ ਕਰ ਰਹੀ ਹੈ।