ਦਿੱਲੀ ਵਿਧਾਨ ਸਭਾ ਚੋਣ 'ਚ ਵਿਵਾਦਤ ਟਵੀਟ ਕਰਨ ਵਾਲੇ ਭਾਜਪਾ ਆਗੂ ਕਪਿਲ ਮਿਸ਼ਰਾ ਦੇ ਭਾਰਤ-ਪਾਕਿਸਤਾਨ ਮੈਚ ਵਾਲੇ ਟਵੀਟ ਹੁਣ ਡਿਲੀਟ ਕਰ ਦਿੱਤੇ ਜਾਣਗੇ। ਚੋਣ ਕਮਿਸ਼ਨ ਨੇ ਟਵਿਟਰ ਨੂੰ ਕਪਿਲ ਮਿਸ਼ਰਾ ਦੇ 'ਹਿੰਦੋਸਤਾਨ-ਪਾਕਿਸਤਾਨ ਮੈਚ' ਵਾਲੇ ਟਵੀਟ ਨੂੰ ਡਿਲੀਟ ਕਰਨ ਲਈ ਕਿਹਾ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ ਏਐਨਆਈ ਨੇ ਦਿੱਤੀ ਹੈ।
ਇਸ ਤੋਂ ਪਹਿਲਾਂ ਅੱਜ ਸਵੇਰੇ ਦਿੱਲੀ ਦੇ ਮੁੱਖ ਚੋਣ ਕਮਿਸ਼ਨਰ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ।
ਦਰਅਸਲ, ਦਿੱਲੀ ਦੇ ਮਾਡਲ ਟਾਊਨ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਆਪਣੇ ਟਵੀਟ 'ਚ ਕਿਹਾ ਸੀ ਕਿ 8 ਫਰਵਰੀ ਨੂੰ ਹੋਣ ਵਾਲੀ ਵਿਧਾਨ ਸਭਾ ਚੋਣ 'ਚ ਦਿੱਲੀ ਦੀਆਂ ਸੜਕਾਂ 'ਤੇ ਹਿੰਦੋਸਤਾਨ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ।
#UPDATE Delhi Chief Electoral Officer's office requests Election Commission of India to begin the process for removal of Kapil Mishra's tweet. Election Commission has asked Twitter directly to remove the tweet. https://t.co/BRBBo1Jixa
— ANI (@ANI) January 24, 2020
ਆਪਣੇ ਇਸ ਟਵੀਟ 'ਚ ਕਪਿਲ ਮਿਸ਼ਰਾ ਨੇ ਲਿਖਿਆ ਸੀ, "India vs Pakistan 8th February Delhi, 8 ਫਰਵਰੀ ਨੂੰ ਦਿੱਲੀ ਦੀ ਸੜਕਾਂ 'ਤੇ ਹਿੰਦੋਸਤਾਨ ਅਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਹੋਵੇਗਾ।"
ਦੱਸ ਦੇਈਏ ਕਿ ਕਪਿਲ ਮਿਸ਼ਰਾ ਕਿਸੇ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਹੁਤ ਨੇੜਲੇ ਨੇਤਾਵਾਂ ਵਿਚੋਂ ਇੱਕ ਸਨ। ਪਿਛਲੀਆਂ ਚੋਣਾਂ ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਰਾਜਧਾਨੀ ਦੀ ਕਰਾਵਲ ਨਗਰ ਸੀਟ ਜਿੱਤੀ ਸੀ। ਉਨ੍ਹਾਂ ਨੂੰ ਕੇਜਰੀਵਾਲ ਨੇ ਆਪਣੀ ਸਰਕਾਰ 'ਚ ਕੈਬਨਿਟ ਮੰਤਰੀ ਬਣਾਇਆ ਸੀ। ਪਰ ਕੁਝ ਸਮੇਂ ਬਾਅਦ ਕੇਜਰੀਵਾਲ ਅਤੇ ਮਿਸ਼ਰਾ ਦਰਮਿਆਨ ਅਜਿਹੀ ਸਿਆਸੀ ਲੜਾਈ ਸ਼ੁਰੂ ਹੋ ਗਈ ਕਿ ਉਨ੍ਹਾਂ ਨੂੰ ਸਰਕਾਰ ਤੋਂ ਵੱਖ ਹੋਣਾ ਪਿਆ। ਜਿਸ ਤੋਂ ਬਾਅਦ ਉਨ੍ਹਾਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਹੁਣ ਉਹ ਭਾਜਪਾ 'ਚ ਸ਼ਾਮਲ ਹੋ ਗਏ ਹਨ।