ਦਿੱਲੀ ਹਾਈ ਕੋਰਟ ਨੇ ਚੋਣ ਹਲਫਨਾਮੇ ਵਿੱਚ ਵਿਦਿਅਕ ਯੋਗਤਾ ਦੀ ਗਲਤ ਜਾਣਕਾਰੀ ਦੇਣ ’ਤੇ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਤ੍ਰਿਨਗਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਜਿਤੇਂਦਰ ਸਿੰਘ ਤੋਮਰ ਦੀ ਚੋਣ ਰੱਦ ਕਰ ਦਿੱਤੀ ਹੈ।
ਹਾਈ ਕੋਰਟ ਨੇ ਇੱਕ ਭਾਜਪਾ ਨੇਤਾ ਦੀ ਅਪੀਲ 'ਤੇ ਤੋਮਰ ਦੀ ਚੋਣ ਨੂੰ ਖਾਰਜ ਕਰਦਿਆਂ ਇਹ ਹੁਕਮ ਪਾਸ ਕੀਤਾ। ਜਸਟਿਸ ਰਾਜੀਵ ਸਹਾਏ ਐਂਡਲਾ ਨੇ ਕਿਹਾ ਕਿ ਪਟੀਸ਼ਨ ਨੂੰ ਮਨਜ਼ੂਰ ਕੀਤਾ ਜਾਂਦਾ ਹੈ।
ਜਾਣਕਾਰੀ ਅਨੁਸਾਰ 2015 ਦੀਆਂ ਵਿਧਾਨ ਸਭਾ ਚੋਣਾਂ ਲਈ ਦਾਇਰ ਕੀਤੇ ਗਏ ਨਾਮਜ਼ਦਗੀ ਪੱਤਰਾਂ ਚ ਜਿਤੇਂਦਰ ਸਿੰਘ ਤੋਮਰ ਨੇ ਬਿਹਾਰ ਦੇ ਤਿਲਕਾਮਾਝੀ ਯੂਨੀਵਰਸਿਟੀ ਦੇ ਵੀਐਨਐਸ ਲਾਅ ਕਾਲਜ ਮੁੰਗੇਰ ਤੋਂ ਕਾਨੂੰਨ ਦੀ ਡਿਗਰੀ ਲੈਣ ਦੀ ਗੱਲ ਕਹੀ ਸੀ, ਜੋ ਬਾਅਦ ਵਿੱਚ ਜਾਅਲੀ ਪਾਈ ਗਈ ਸੀ।
ਜਿਤੇਂਦਰ ਸਿੰਘ ਤੋਮਰ ਅਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਵੀ ਲੜ ਰਹੇ ਹਨ ਅਤੇ ਸ਼ਨਿੱਚਰਵਾਰ ਨੂੰ ਉਹ ਤ੍ਰਿਨਗਰ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ।