ਮਾਤਾ ਨੈਣਾ ਦੇਵੀ ਮੰਦਰ 'ਚ ਅੱਜ ਸਵੇਰੇ ਬਦਮਾਸ਼ਾਂ ਅਤੇ ਪੁਲਿਸ ਵਿਚਕਾਰ ਹੋਈ ਜ਼ਬਰਦਸਤ ਗੋਲਾਬਾਰੀ 'ਚ ਇੱਕ ਬਦਮਾਸ਼ ਹਲਾਕ ਹੋ ਗਿਆ ਜਦਕਿ ਦੋ ਬਦਮਾਸ਼਼ਾਂ ਨੂੰ ਗਿਫ੍ਰਤਾਰ ਕਰ ਲਿਆ ਗਿਆ।
ਜਾਣਕਾਰੀ ਮੁਤਾਬਕ ਕੁੱਝ ਬਦਮਾਸ਼ ਮੋਹਾਲੀ ਦੇ ਪਿੰਡ ਸੋਹਾਣਾ 'ਚ ਇੱਕ ਗੱਡੀ ਖੋਹ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਬਦਮਾਸ਼ਾਂ ਨੂੰ ਫੜਨ ਲਈ ਪਿੱਛਾ ਕੀਤਾ ਤਾਂ ਬਦਮਾਸ਼ਾਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ। ਬਦਮਾਸ਼ਾ ਦਾ ਪਿੱਛਾ ਕਰਦਿਆਂ ਪੁਲਿਸ ਦੀ ਟੀਮ ਨੈਣਾ ਦੇਵੀ ਬੱਸ ਅੱਡੇ ਕੋਲ ਜਾ ਪੁੱਜੀ ਜਿੱਥੇ ਦੋਹਾਂ ਧੜਿਆਂ ਵਿਚਕਾਰ ਜ਼ਬਰਦਸਤ ਗੋਲਾਬਾਰੀ ਸ਼ੁਰੂ ਹੋ ਗਈ। ਦੋਨਾਂ ਪਾਸਿਓਂ ਹੋਈ ਫ਼ਾਇਰਿੰਗ 'ਚ ਗੁਰਦਾਸਪੁਰ ਦੇ ਰਹਿਣ ਵਾਲੇ ਸਨੀ ਮਸੀਹ ਨਾਮ ਦੇ ਇੱਕ ਬਦਮਾਸ਼ ਦੀ ਮੌਤ ਹੋ ਗਈ ਜਦਕਿ ਬਾਕੀ ਦੋਹਾਂ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫ੍ਰਤਾਰ ਕਰ ਲਿਆ ਹੈ।
ਇਸ ਮੁਕਾਬਲੇ ਦੌਰਾਨ ਸਾਰੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਜਦਕਿ ਪੰਜਾਬ ਅਤੇ ਹਿਮਾਚਲ ਪੁਲਿਸ ਪੁਲਿਸ ਨੇ ਨੈਣਾ ਦੇਵੀ ਬੱਸ ਅੱਡੇ ਦਾ ਮੁੱਖ ਮਾਰਗ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਤੇ ਬੱਸਾਂ ਪੁਰਾਣੇ ਬੱਸ ਅੱਡੇ 'ਤੇ ਖੜੀਆਂ ਕੀਤੀਆਂ ਜਾ ਰਹੀਆਂ ਹਨ, ਪੁਲਿਸ ਨੇ ਬੱਸ ਅੱਡੇ ਨੂੰ ਛਾਵਣੀ ‘ਚ ਤਬਦੀਲ ਕਰ ਦਿੱਤਾ ਹੈ। ਸਖਤ ਪੁਲਿਸ ਪਹਿਰਾ ਹੋਣ ਕਾਰਨ ਮਾਤਾ ਦੇ ਮੰਦਰ ਆਉਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਪੁਲਿਸ ਦੇ ਜਿ਼ਲ੍ਹਾ ਮੋਹਾਲੀ ਦੇ ਐਸਐਸਪੀ ਕੁਲਦੀਪ ਚਹਿਲ ਨੇ ਮੌਕੇ ਦੀ ਜਾਣਕਾਰੀ ਲੈਣ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਖਿਲਾਫ ਮੋਹਾਲੀ ਦੇ ਥਾਣਾ ਸੋਹਾਣਾ 'ਚ ਆਰਮ ਐਕਟ ਅਧੀਨ ਲੁੱਟ-ਖੋਹ ਅਤੇ ਜਾਨ ਤੋਂ ਮਾਰਨ ਦੇ ਮਾਮਲੇ ਦਰਜ ਹਨ। ਇਸ ਮੁਕਾਬਲੇ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵੀ ਸੱਟਾਂ ਲੱਗੀਆਂ ਹਨ।