ਅਯੁੱਧਿਆ ਕੇਸ ਬਾਰੇ ਕਿਸੇ ਵੀ ਤਰ੍ਹਾਂ ਦੀ ਵਿਵਾਦਗ੍ਰਸਤ ਟਿੱਪਣੀ ਕਰਨ ਵਾਲਾ ਹਰੇਕ ਵਿਅਕਤੀ ਗ੍ਰਿਫ਼ਤਾਰ ਹੋਵੇਗਾ ਜਾਂ ਉਸ ਦੀ ਕੋਤਾਹੀ, ਗ਼ਲਤੀ ਜਾਂ ਜੁਰਮ ਦੇ ਹਿਸਾਬ ਨਾਲ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ।
ਇਸ ਸਬੰਧੀ ਪਹਿਲਾ ਮਾਮਲਾ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ’ਚ ਦਰਜ ਵੀ ਹੋ ਗਿਆ ਹੈ। ਇਹ ਮਾਮਲਾ 56 ਸਾਲਾਂ ਦੇ ਇੱਕ ਵਿਅਕਤੀ ਵਿਰੁੱਧ ਦਰਜ ਹੋਇਆ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਰਾਣੀ ਆਗਰਾ ਰੋਡ ਦੇ ਨਿਵਾਸੀ ਨੇ ਇਤਰਾਜ਼ਯੋਗ ਪੋਸਟ ਸ਼ੇਅਰ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਤੇ ਇਸ ਵੇਲੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ।
ਪੁਲਿਸ ਦੀ ਟੀਮ ਨੂੰ ਜਿਵੇਂ ਹੀ ਇਸ ਬਾਰੇ ਜਾਣਕਾਰੀ ਮਿਲੀ, ਤਿਵੇਂ ਹੀ ਭਾਰਤੀ ਦੰਡ ਸੰਘਤਾ ਦੀ ਧਾਰਾ 153(1)(ਬੀ) ਅਤੇ ਧਾਰਾ 188 (ਧਾਰਮਿਕ, ਨਸਲੀ, ਭਾਸ਼ਾ, ਖੇਤਰ, ਭਾਈਚਾਰੇ ਦੇ ਆਧਾਰ ਰ’ਤੇ ਨਫ਼ਰਤ ਫੈਲਾਉਣ ਵਾਲੇ ਕੰਮ ਕਰਨ) ਅਧੀਨ ਗ੍ਰਿਫ਼ਤਾਰ ਕੀਤਾ ਗਿਆ।
ਅੱਜ ਸਨਿੱਚਰਵਾਰ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਣਾ ਹੈ। ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਨੂੰ ਪਿਛਲੇ ਤਿੰਨ ਮਹੀਨਿਆਂ ਦੌਰਾਨ ਦੋ ਮਾਮਲਿਆਂ ’ਚ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਸ ਉੱਤੇ ਦੂਜੇ ਭਾਈਚਾਰੇ ਦੀ ਇੱਕ ਕੁੜੀ ਨਾਲ ਦੋਸਤੀ ਕਰਨ ਦੇ ਮਾਮਲੇ ’ਚ ਇੱਕ ਵਿਅਕਤੀ ਨਾਲ ਕੁੱਟਮਾਰ ਕਰਨ ਤੇ ਦੋ ਹੋਰਨਾਂ ਉੱਤੇ ਹਮਲਾ ਕਰਨ ਦਾ ਵੀ ਇਲਜ਼ਾਮ ਹੈ।